ਵਿਸਾਖੀ ’ਤੇ ਪਾਕਿਸਤਾਨ ਜਾਣਗੇ ਤਿੰਨ ਹਜ਼ਾਰ ਸ਼ਰਧਾਲੂ, 10 ਅਪ੍ਰੈਲ ਨੂੰ ਰਵਾਨਾ ਹੋਵੇਗਾ ਜਥਾ; ਪਾਕਿਸਤਾਨੀ ਸਰਕਾਰ ਨੇ ਸ਼ਡਿਊਲ ਕੀਤਾ ਜਾਰੀ

ਅੰਮ੍ਰਿਤਸਰ, 23 ਫਰਵਰੀ- ਪਾਕਿਸਤਾਨ ਸਰਕਾਰ ਨੇ ਵਿਸਾਖੀ ਦੇ ਤਿਉਹਾਰ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਜਥੇ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਸ਼ਡਿਊਲ ਦੇ ਤਹਿਤ ਇਹ ਜਥਾ 10 ਅਪ੍ਰੈਲ ਨੂੰ ਵਾਹਗਾ ਰੋਡ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ 19 ਅਪ੍ਰੈਲ ਨੂੰ ਵਾਹਗਾ ਰੋਡ ਰਾਹੀਂ ਦੇਸ਼ ਵਾਪਸ ਆਵੇਗਾ। ਪਾਕਿਸਤਾਨੀ ਦੂਤਾਵਾਸ ਨੇ ਇਸ ਯਾਤਰਾ ਲਈ ਤਿੰਨ ਹਜ਼ਾਰ ਯਾਤਰੀਆਂ ਦਾ ਕੋਟਾ ਜਾਰੀ ਕੀਤਾ ਹੈ। ਸ੍ਰੀ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਮੁਖੀ ਰੋਬਿਨ ਗਿੱਲ ਨੇ ਕਿਹਾ ਕਿ ਖਾਲਸਾ ਸਥਾਪਨਾ ਦਿਵਸ ਦਾ ਮੁੱਖ ਇਕੱਠ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ 10 ਅਪ੍ਰੈਲ ਨੂੰ ਵਾਹਗਾ ਸਰਹੱਦ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਜਥਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਹੁੰਚੇਗਾ। 10 ਤਰੀਕ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਠਹਿਰਣ ਤੋਂ ਬਾਅਦ ਇਹ ਜਥਾ 11 ਤਰੀਕ ਨੂੰ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰੇਗਾ। 12 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਵਿਖੇ ਠਹਿਰਨ ਤੋਂ ਬਾਅਦ ਇਹ ਜਥਾ 13 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਠਹਿਰੇਗਾ। 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮਨਾਉਣ ਤੋਂ ਬਾਅਦ ਇਹ ਜਥਾ 15 ਅਪ੍ਰੈਲ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ। 16 ਤਰੀਕ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਰਾਤ ਠਹਿਰਨ ਤੋਂ ਬਾਅਦ ਇਹ ਜਥਾ 17 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਪਹੁੰਚੇਗਾ। 18 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਠਹਿਰਣ ਤੋਂ ਬਾਅਦ ਇਹ ਜਥਾ 19 ਤਰੀਕ ਨੂੰ ਦੇਸ਼ ਵਾਪਸ ਆਵੇਗਾ। ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਾਕਿਸਤਾਨ ਆਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣ ਦੇ ਚਾਹਵਾਨ ਸ਼ਰਧਾਲੂ ਆਪਣਾ ਪਾਸਪੋਰਟ, ਚਾਰ ਫੋਟੋਆਂ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਪੁਤਲੀਘਰ ਚੌਕ ਸਥਿਤ ਸਾਡੇ ਦਫ਼ਤਰ ਵਿਚ ਜਮ੍ਹਾ ਕਰਵਾ ਸਕਦੇ ਹਨ।



