
ਫਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)- ਗੁਰੂਹਰਸਹਾਏ ਵਿਖੇ ਪੈਟਰੋਲ ਪੰਪ ਦੇ ਲਾਕਰ ਵਿਚੋਂ ਇਕ ਵਿਅਕਤੀ ਵੱਲੋਂ 3 ਲੱਖ 40 ਹਜ਼ਾਰ ਰੁਪਏ ਚੋਰੀ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਇਕ ਵਿਅਕਤੀ ਖਿਲਾਫ 331 (3), 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਭਾਸ਼ ਨਰੂਲਾ ਪੁੱਤਰ ਰਾਮ ਨਾਥ ਵਾਸੀ ਗਰੀਨ ਐਵੀਨਿਊ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਦਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਵਾਸਲ ਮੋਹਨ ਕੇ ਪੈਟਰੋਲ ਪੰਪ ਨਰੂਲਾ ਫੂਡਜ਼ ਪ੍ਰਾਈਵੇਟ ਲਿਮਟਿਡ ਦੇ ਨਾਮ ’ਤੇ ਚੱਲਦਾ ਹੈ ਤੇ ਦੋਸ਼ੀ ਭੋਲਾ ਨਾਥ ਪੁੱਤਰ ਲਾਲਤਾ ਪ੍ਰਸਾਦ ਵਾਸੀ ਦਿਹ ਤਹਿਸੀਲ ਸਾਲੇਨ ਜ਼ਿਲ੍ਹਾ ਰਾਇਬਰੇਲੀ ਯੂਪੀ ਹਾਲ ਅਬਾਦ ਨੇੜੇ ਜੀਵਨ ਜੋਤੀ ਸਕੂਲ ਰੇਲਵੇ ਬਸਤੀ ਗੁਰੂਹਰਸਹਾਏ ਇਸ ਪੰਡ ’ਤੇ ਕਾਫੀ ਸਮੇਂ ਤੋਂ ਮੈਨੇਜਰ ਦਾ ਕੰਮ ਕਰਦਾ ਹੈ ਤੇ ਪੈਟਰੋਲ ਪੰਪ ਦਾ ਸਾਰਾ ਹਿਸਾਬ ਕਿਤਾਬ ਕਰਦਾ ਸੀ। ਮਿਤੀ 27 ਜਨਵਰੀ 2025 ਨੂੰ ਉਸ ਦੇ ਪੈਟਰੋਲ ਪੰਪ ਦੇ ਦਫਤਰ ਵਿਚ ਬਣੇ ਲਾਕਰ ਵਿਚ 2/3 ਦਿਨ ਦੀ ਸਾਰੇ ਸੇਲ ਕਰੀਬ 3 ਲੱਖ 40 ਹਜ਼ਾਰ ਰੁਪਏ ਮੌਜ਼ੂਦ ਸੀ ਤੇ ਉਹ ਉਸ ਦਿਨ ਬਿਮਾਰ ਹੋਣ ਕਰਕੇ ਪੈਟਰੋਲ ਪੰਪ ਤੇ ਨਹੀਂ ਗਿਆ ਸੀ। ਜਦ ਉਹ ਮਿਤੀ 26 ਜਨਵਰੀ 2025 ਨੂੰ ਪੈਟਰੋਲ ਪੰਪ ਤੇ ਪੁੱਜਾ ਤਾਂ ਉਸ ਨੇ ਵੇਖਿਆ ਕਿ ਪੈਟਰੋਲ ਪੰਪ ਦੇ ਲਾਕਰ ਵਿਚੋਂ ਉਕਤ ਰੁਪਏ 3 ਲੱਖ 40 ਹਜ਼ਾਰ ਰੁਪਏ ਗਾਇਬ ਸਨ ਜੋ ਦੋਸ਼ੀ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



