ਖਨੌਰੀ ਬਾਰਡਰ ‘ਤੇ ਡੱਲੇਵਾਲ ਦਾ ਮਰਨ ਵਰਤ ਜਾਰੀ, ਕਿਹਾ- 22 ਫਰਵਰੀ ਦੀ ਮੀਟਿੰਗ ਵਿਚ ਸਾਰਥਕ ਨਤੀਜੇ ਸਾਹਮਣੇ ਆਉਣ ਦੀ ਉਮੀਦ

ਖਨੋਰੀ, 16 ਫਰਵਰੀ-ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸ਼ਨਿੱਚਰਵਾਰ ਨੂੰ 82ਵੇਂ ਦਿਨ ਵੀ ਜਾਰੀ ਰਿਹਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਕੱਲ੍ਹ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ 28 ਮੈਂਬਰੀ ਵਫ਼ਦ ਨੇ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਸਾਹਮਣੇ ਐਮਐਸਪੀ ਗਾਰੰਟੀ ਐਕਟ ਸਬੰਧੀ ਸਾਰੇ ਤੱਥ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਜਾਣ ਲਈ 8 ਘੰਟੇ ਐਬੂਲੈਸ ਵਿਚ ਸਫਰ ਕਾਰਨ ਉਨ੍ਹਾਂ ਨੂੰ ਰਾਤ ਸਮੇ ਥੋੜੀ ਪ੍ਰੇਸ਼ਾਨੀ ਆਈ ਸੀ। ਪ੍ਰੰਤੂ ਉਹ ਭਵਿੱਖ ਵਿੱਚ ਵੀ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਨਗੇ। ਤਾਂ ਜੋ ਕਿਸਾਨਾਂ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ 22 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਮੰਗਾਂ ਸਬੰਧੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਕਿਸਾਨ ਆਗੂ ਸੁਖਦੇਵ ਭੋਜਰਾਜ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ੁੱਭਕਰਨ ਸਿੰਘ ਦੀ ਪਹਿਲੀ ਬਰਸੀ ਮੌਕੇ ਪਿੰਡ ਬੱਲੋ ਅਤੇ ਦਾਤਾਸਿੰਘਵਾਲਾ–ਖਨੌਰੀ, ਸ਼ੰਭੂ ਅਤੇ ਰਤਨਾਪੁਰਾ ਮੋਰਚਿਆਂ ’ਤੇ ਸ਼ਰਧਾਂਜ਼ਲੀ ਸਭਾਵਾਂ ਕੀਤੀਆਂ ਜਾਣਗੀਆਂ। ਕੱਲ੍ਹ ਕਿਸਾਨ ਆਗੂ ਕੁਰਬੁਰੂ ਸ਼ਾਂਤਾਕੁਮਾਰ (ਕਰਨਾਟਕ) ਅਤੇ ਪੀ.ਆਰ. ਪਾਂਡਿਆਨ ਜੀ (ਤਾਮਿਲਨਾਡੂ) ਜੋ ਕਿ ਚੰਡੀਗੜ੍ਹ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੇ ਸਨ, ਦਾ ਐਕਸੀਡੈਟ ਹੋ ਗਿਆ ਸੀ। ਪੀਆਰ ਪਾਂਡਿਆਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਪਰ ਕੁਰਬਰੂ ਸ਼ਾਂਤਾਕੁਮਾਰ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬੈਂਗਲੁਰੂ ਦੇ ਇੰਟੈਂਸਿਵ ਹਸਪਤਾਲ ਵਿੱਚ ਰੈਫਰ ਕਰਨ ਦੀ ਸੰਭਾਵਨਾ ਹੈ। 19 ਫਰਵਰੀ ਨੂੰ ਹਰਿਆਣਾ ਦੇ ਸਿਰਸਾ ਤੋਂ ਇਹ ਪੈਦਲ ਮਾਰਚ ਸ਼ੁਰੂ ਕੀਤੀ ਜਾਵੇਗੀ ਜੋ 21 ਫਰਵਰੀ ਨੂੰ ਸ਼ੁਭਕਰਨ ਸਿੰਘ ਦੇ ਪਿੰਡ ਬੱਲੋ ਵਿਖੇ ਪਹੁੰਚੇਗਾ।



