Punjab

27 ਤੋਂ ਵੱਧ ਅੱਤਵਾਦੀਆਂ ਤੇ ਗੈਂਗਸਟਰਾਂ ਨੇ ਲਈ ਹੋਈ ਅਮਰੀਕਾ ਸਮੇਤ ਵਿਦੇਸ਼ਾਂ ’ਚ ਪਨਾਹ, ਸੌਂਪੀ ਗਈ ਮੋਸਟ ਵਾਂਟੇਡ ਦੀ ਲਿਸਟ

ਚੰਡੀਗੜ੍ਹ, 15 ਫਰਵਰੀ– ਅੱਤਵਾਦੀ ਤੇ ਗੈਂਗਸਟਰ ਗੋਲਡੀ ਬਰਾੜ ਤੇ ਅਨਮੋਲ ਬਿਸ਼ਨੋਈ ਦੀ ਹਵਾਲਗੀ ਦਾ ਰਸਤਾ ਸਾਫ ਹੋਣ ਤੋਂ ਬਾਅਦ ਪੁਲਿਸ ਨੇ ਵਿਦੇਸ਼ ’ਚ ਬੈਠੇ ਪੰਜਾਬ ਦੇ 27 ਤੋਂ ਵੱਧ ਅੱਤਵਾਦੀਆਂ ਤੇ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਹ ਸਾਰੇ ਪੰਜਾਬ ’ਚ ਅੱਤਵਾਦੀ ਸਰਗਰਮੀਆਂ, ਰੰਗਦਾਰੀ ਮੰਗਣ ਅਤੇ ਹੱਤਿਆ ਦੇ ਮਾਮਲਿਆਂ ’ਚ ਲੋੜੀਂਦੇ ਹਨ। ਗੋਲਡੀ ਬਰਾੜ ਤੇ ਅਨਮੋਲ ਬਿਸ਼ਨੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਸਟਰਮਾਈਂਡ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਦਰਮਨਜੋਤ ਸਿੰਘ ਕਾਹਲੋਂ ਉਰਫ਼ ਦਰਮਨ ਕਾਹਲੋਂ, ਅਮਿ੍ਤਪਾਲ ਸਿੰਘ, ਹਰਜੋਤ ਸਿੰਘ, ਹਰਬੀਰ ਸਿੰਘ, ਨਵਰੂਪ ਸਿੰਘ, ਸਵਰਨ ਸਿੰਘ ਉਰਫ ਫ਼ੌਜੀ, ਸਾਹਿਲ ਕੈਲਾਸ਼ ਰਿਤੋਲੀ , ਯੋਗੇਸ਼ ਉਰਫ਼ ਬੌਬੀ ਬੇਰੀ, ਆਸ਼ੂ ਉਰਫ਼ ਭਾਨੂ ਪ੍ਰਤਾਪ ਸਾਂਭਲੀ ਤੇ ਅਮਨ ਸਾਂਭੀ ਦੇ ਨਾਮ ਮੁੱਖ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਕੈਨੇਡਾ ਤੋਂ ਹੁੰਦੇ ਹੋਏ ਅਮਰੀਕਾ ’ਚ ਜਾ ਲੁਕੇ ਹਨ। ਪੰਜਾਬ ਪੁਲਿਸ ਇਨ੍ਹਾਂ ਦੀ ਹਵਾਲਗੀ ਲਈ ਕੇਂਦਰੀ ਏਜੰਸੀਆਂ ਦੇ ਸੰਪਰਕ ’ਚ ਹਨ। ਪੰਜਾਬ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਟਿਕਾਣੇ ਹਾਂਗਕਾਂਗ, ਮਲੇਸ਼ੀਆ ਤੇ ਆਸਟ੍ਰੇਲੀਆ ’ਚ ਵੀ ਹਨ। ਕੇਂਦਰੀ ਗ੍ਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਮੁੱਖ ਸੁਰੱਖਿਆ ਏਜੰਸੀਆਂ ਨੇ 12 ਅੱਤਵਾਦੀਆਂ ਤੇ ਗੈਂਗਸਟਰਾਂ ਦੀ ਇਸ ਸੂਚੀ ਤਿਆਰ ਕੀਤੀ ਹੈ ਜੋ ਅਮਰੀਕਾ ’ਚ ਲੁਕੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੀਤੇ ਦਿਨੀਂ ਵਾਸ਼ਿੰਗਟਨ ’ਚ ਮੁਲਾਕਾਤ ਤੋਂ ਬਾਅਦ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਤੋਂ ਬਾਅਦ ਉਨ੍ਹਾਂ ਹੋਰ ਲੋਕਾਂ ਨੂੰ ਵੀ ਭਾਰਤ ਦੇ ਹਵਾਲੇ ਕਰਨਗੇ ਜਿਨ੍ਹਾਂ ਦੀ ਸੂਚੀ ਭਾਰਤ ਨੇ ਅਮਰੀਕਾ ਨੂੰ ਦਿੱਤੀ ਹੈ। ਇਸ ਸੂਚੀ ’ਚ ਗੋਲਡੀ ਬਰਾੜ ਤੇ ਅਨਮੋਲ ਬਿਸ਼ਨੋਈ ਦਾ ਨਾਮ ਵੀ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ’ਚ ਲੁਕੇ ਅੱਤਵਾਦੀਆਂ ਤੇ ਗੈਂਗਸਟਰਾਂ ਦਾ ਇਕ ਤਾਜ਼ਾ ਕਿ੍ਮੀਨਲ ਡੋਜ਼ੀਅਰ ਬੀਤੇ ਦਿਨੀਂ ਕੇਂਦਰੀ ਏਜੰਸੀਆਂ ਨੂੰ ਤਿਆਰ ਕਰ ਕੇ ਭੇਜਿਆ ਗਿਆ ਸੀ। ਦੋਸ਼ੀਆਂ ਨੂੰ ਵਾਪਸ ਲਿਆਉਣ ਲਈ ਹੁਣ ਤੱਕ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਬਿਓਰਾ ਵੀ ਨਾਲ ਭੇਜਿਆ ਗਿਆ ਹੈ। ਪਿਛਲੇ ਦੋ ਸਾਲਾਂ ’ਚ ਸਿਰਫ ਛੇ ਗੈਂਗਸਟਰਾਂ ਨੂੰ ਹੀ ਵਾਪਸ ਲਿਆਂਦਾ ਜਾ ਸਕਿਆ ਹੈ।

ਅਮਰੀਕਾ ਨੂੰ ਸੌਂਪੀ ਗਈ ਮੋਸਟ ਵਾਂਟੇਡ ਦੀ ਲਿਸਟ

1. ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ : ਗੋਲਡੀ ਬਰਾੜ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਹੈ। ਬਿਸ਼ਨੋਈ ਗੈਂਗ ਨਾਲ ਜੁੜੇ ਬਰਾੜ ਦੇ ਖ਼ਾਲਿਸਤਾਨੀ ਅੱਤਵਾਦੀ ਜਥੇਬੰਦੀ ਬੱਬਰ ਖ਼ਾਲਸਾ ਨਾਲ ਵੀ ਰਿਸ਼ਤੇ ਹਨ।

2. ਅਨਮੋਲ ਬਿਸ਼ਨੋਈ : ਬਠਿੰਡਾ ਜੇਲ੍ਹ ’ਚ ਬੰਦ ਬਿਸ਼ਨੋਈ ਗੈਂਗ ਦੇ ਮੁਖੀ ਲਾਰੇਂਸ ਬਿਸ਼ਨੋਈ ਦਾ ਭਰਾ ਹੈ। ਅਮਰੀਕਾ ’ਚ ਪੁਲਿਸ ਦੀ ਹਿਰਾਸਤ ’ਚ ਹੈ।

3. ਹਰਜੋਤ ਸਿੰਘ ਗਿੱਲ : ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਹਰਜੋਤ ਸਿੰਘ ਗਿੱਲ ਗੋਲਡੀ ਬਰਾੜ ਦੇ ਨੈੱਟਵਰਕ ਨਾਲ ਕੌਮਾਂਤਰੀ ਵਸੂਲੀ ਰੈਕੇਟ ’ਚ ਸ਼ਾਮਲ ਹੈ। ਆਪਣੇ ਭਰਾ ਜਸਪ੍ਰੀਤ ਨਾਲ ਇਸ ਨੇ ਮਿਊਜ਼ਿਕ ਕੰਪਨੀ ਵੀ ਖੋਲ੍ਹੀ ਹੋਈ ਹੈ।

4. ਦਰਮਨਜੀਤ ਸਿੰਘ ਉਰਫ਼ ਦਰਨ ਕਾਹਲੋਂ : ਇਸ ਦਾ ਨਾਮ ਵੀ ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ ਆਇਆ ਸੀ।

5.ਅਮਿ੍ਤ ਬਲ : ਅਮਿ੍ਤ ਬਲ ਭਾਰਤ ’ਚ ਹਥਿਆਰਾਂ ਦੀ ਤਸਕਰੀ ਕਰਵਾਉਂਦਾ ਹੈ।

6. ਗੁਰਪਿੰਦਰ ਸਿੰਘ ਉਰਫ਼ ਬਾਬਾ ਡੱਲਾ : ਬਾਬਾ ਡੱਲਾ ’ਤੇ ਟਾਰਗੇਟ ਕਿਲਿੰਗ ਦਾ ਦੋਸ਼ ਹੈ।

7. ਸਤਵਿੰਦਰ ਸਿੰਘ ਉਰਫ਼ ਸੈਮ : ਇਹ ਬਿਸ਼ਨੋਈ ਦਾ ਸਰਗਰਮ ਮੈਂਬਰ ਹੈ।

8. ਸਨੋਵਰ ਢਿੱਲੋਂ : ਇਸ ਦਾ ਨਾਮ ਕਬੱਡੀ ਖਿਡਾਰੀ ਸੰਦੀਪ ਨੰਗਲ ਹੱਤਿਆਕਾਂਡ ’ਚ ਆਇਆ ਸੀ।

9. ਲਖਵੀਰ ਸਿੰਘ ਉਰਫ਼ ਲੰਡਾ : ਲੰਡਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਮੀ ਅੱਤਵਾਦੀ ਜਥੇਬੰਦੀ ਚਲਾਉਂਦਾ ਹੈ। ਮੋਹਾਲੀ ’ਚ ਇੰਟੈਲੀਜੈਂਸ ਦੇ ਮੁੱਖ ਦਫ਼ਤਰ ਤੇ ਤਰਨ ਤਾਰਨ ਜ਼ਿਲ੍ਹੇ ਦੇ ਇਕ ਪੁਲਿਸ ਸਟੇਸ਼ਨ ’ਤੇ ਆਰਪੀਜੀ ਹਮਲੇ ’ਚ ਇਸਦਾ ਹੱਥ ਸੀ।

10. ਅਰਸ਼ਦੀਪ ਸਿੰਘ ਉਰਫ਼ ਡੱਲਾ : ਇਹ ਭਾਰਤ ਤੋਂ ਭੱਜ ਕੇ ਅਮਰੀਕਾ ਤੇ ਕੈਨੇਡਾ ਤੋਂ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਹੈ।

11. ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ : ਪੰਜਾਬ ਦਾ ਰਹਿਣ ਵਾਲਾ ਹੈ ਅਤੇ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਹੈ।

12. ਰਾਮਦੀਪ ਸਿੰਘ ਉਰਫ਼ ਰਮਨ ਜੱਜ : ਪੰਜਾਬ ਦਾ ਰਹਿਣ ਵਾਲਾ ਅਤੇ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਹੈ।

Related Articles

Leave a Reply

Your email address will not be published. Required fields are marked *

Back to top button