ਨਾਭਾ ਦੇ ਪਿੰਡ ਗਲਵੱਟੀ ’ਚ ਦੀ ਪੰਚਾਇਤ ਦਾ ਵੱਡਾ ਫੈਸਲਾ, ਪ੍ਰੇਮ ਵਿਆਹ ਕਰਨ ਵਾਲੇ ਜੋੜੇ ਦਾ ਕੀਤਾ ਸਮਾਜਿਕ ਬਾਈਕਾਟ

ਪਟਿਆਲਾ, 2 ਅਗਸਤ : ਨਾਭਾ ਤਹਿਸੀਲ ਦੇ ਗਲਵਤੀ ਪਿੰਡ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਹੀ ਪਿੰਡ ਦੇ ਇਕ ਮੁੰਡੇ ਤੇ ਕੁੜੀ ਵੱਲੋਂ ਪ੍ਰੇਮ ਵਿਆਹ ਕਰਨ ਤੋਂ ਕਈ ਸਾਲਾਂ ਬਾਅਦ ਇਕ ਜੋੜੇ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਪਿੰਡ ਦੀ ਪੰਚਾਇਤ ਤੇ ਵਸਨੀਕਾਂ ਨੇ ਇਕੱਠੇ ਹੋ ਕੇ ਤਰਨਜੀਤ ਸਿੰਘ ਅਤੇ ਉਸ ਦੀ ਪਤਨੀ ਦਿਲਪ੍ਰੀਤ ਕੌਰ ਦਾ ਸਮਾਜਿਕ ਬਾਈਕਾਟ ਕਰਨ ਲਈ ਦਸਤਖ਼ਤ ਕੀਤੇ। ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਤਰਨਜੀਤ ਸਿੰਘ ਤੇ ਦਿਲਪ੍ਰੀਤ ਕੌਰ ਦਾ ਘਰ ਨੇੜੇ ਸੀ, ਜਿਨ੍ਹਾਂ ਸਾਲ 2016 ’ਚ ਪ੍ਰੇਮ ਵਿਆਹ ਕਰਵਾਇਆ ਸੀ। ਇਸ ਜੋੜੇ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਵਿਆਹ ਤੋਂ ਬਾਅਦ ਉਹ ਪਿੰਡ ਛੱਡ ਕੇ ਕਿਤੇ ਹੋਰ ਰਹਿਣ ਲੱਗ ਪਏ, ਪਰ ਕੁਝ ਸਮਾਂ ਪਹਿਲਾਂ ਦੋਵੇਂ ਪਤੀ-ਪਤਨੀ ਆਪਣੇ ਬੱਚਿਆਂ ਨਾਲ ਪਿੰਡ ’ਚ ਰਹਿਣ ਲਈ ਵਾਪਸ ਆ ਗਏ ਸਨ। ਇਸ ਦੌਰਾਨ ਦਿਲਪ੍ਰੀਤ ਕੌਰ ਤੇ ਉਸਦੇ ਮਾਤਾ-ਪਿਤਾ ਕਿਸੇ ਨਾ ਕਿਸੇ ਮੁੱਦੇ ‘ਤੇ ਝਗੜਾ ਕਰਦੇ ਰਹਿੰਦੇ ਹਨ, ਜਿਸ ਕਾਰਨ ਲੜਾਈ ਹੁੰਦੀ ਰਹਿੰਦੀ ਹੈ, ਪੰਚਾਇਤ ਤੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਤਰਨਜੀਤ ਸਿੰਘ ਨੂੰ ਆਪਣੇ ਪਰਿਵਾਰ ਨਾਲ ਕਿਤੇ ਹੋਰ ਰਹਿਣ ਲਈ ਬੇਨਤੀ ਕੀਤੀ, ਪਰ ਤਰਨਜੀਤ ਸਿੰਘ ਅਜਿਹਾ ਕਰਨ ਲਈ ਤਿਆਰ ਨਹੀਂ ਹੈ, ਜਿਸ ਕਾਰਨ ਸਾਰਿਆਂ ਨੇ ਉਸਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਜਦੋਂ ਇਸ ਸਬੰਧੀ ਗਲਵੱਟੀ ਚੌਕੀ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤ ’ਚ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਤਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀ ਸਾਡੇ ‘ਤੇ ਪਿੰਡ ਛੱਡਣ ਲਈ ਦਬਾਅ ਪਾ ਰਹੇ ਹਨ ਜਦਕਿ ਉਹ ਪਿੰਡ ਵਿਚ ਹੀ ਰਹਿਣਾ ਚਾਹੁੰਦਾ ਹੈ, ਤਾਂ ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਹੀਂ ਮਿਲਿਆ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।



