
ਫਿਰੋਜ਼ਪੁਰ 14 ਫਰਵਰੀ (ਬਾਲ ਕਿਸ਼ਨ)- ਤਲਵੰਡੀ ਭਾਈ ਵਿਖੇ ਇਕ ਵਿਅਕਤੀ ਅਤੇ ਪੰਜਾਬ ਨੈਸ਼ਨਲ ਬੈਂਕ ਨਾਲ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਤਲਵੰਡੀ ਭਾਈ ਪੁਲਿਸ ਨੇ ਇਕ ਵਿਅਕਤੀ ਖਿਲਾਫ 420, 465, 467, 468, 471 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਨੀਲ ਕੁਮਾਰ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਤਲਵੰਡੀ ਭਾਈ ਨੇ ਦੱਸਿਆ ਕਿ ਦੋਸ਼ੀ ਹਰਬੰਸ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬੁਰਜ ਲੱਧਾ ਸਿੰਘ ਵਾਲਾ (ਭਗਤਾ ਭਾਈ) ਜ਼ਿਲ੍ਹਾ ਬਠਿੰਡਾ ਵੱਲੋਂ ਠੱਗੀ ਮਾਰਨ ਦੀ ਮਨਸ਼ਾ ਤਹਿਤ ਅਸਲ ਖਾਤਾ ਧਾਰਕ ਹਰਬੰਸ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਦੋਧੀਆਂ ਵਾਲੀ ਗਲੀ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਦੇ ਬੈਂਕ ਖਾਤਾ ਵਿਚੋਂ 3 ਲੱਖ 16ਹਜ਼ਾਰ 219 ਰੁਪਏ ਦੀ ਠੱਗੀ ਕਰਕੇ ਅਸਲ ਖਾਤਾ ਧਾਰਕ ਹਰਬੰਸ ਸਿੰਘ ਉਕਤ ਅਤੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਤਲਵੰਡੀ ਭਾਈ ਨਾਲ ਧੋਖਾਧੜੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲੋਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



