ਸੀਆਈਏ ਸਟਾਫ ਤਰਨਤਾਰਨ ਨੇ ਬਲੈਰੋ ਸਵਾਰ ਵਿਅਕਤੀ ਨੂੰ ਦੇਸੀ ਪਿਸਤੌਲ ਸਣੇ ਕੀਤਾ ਕਾਬੂ
ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ

ਤਰਨਤਾਰਨ, 15 ਜੁਲਾਈ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਨਾਕੇਬੰਦੀ ਕਰਕੇ ਬਲੈਰੋ ਕੈਂਪਰ ਗੱਡੀ ਵਿਚ ਸਵਾਰ ਇਕ ਵਿਅਕਤੀ ਨੂੰ ਦੇਸੀ ਪਿਸਟਲ ਅਤੇ ਕਾਰਤੂਸ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸ ਖਿਲਾਫ ਥਾਣਾ ਸਰਹਾਲੀ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਨਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਦੌਰਾਨ ਨੌਸ਼ਹਿਰਾ ਪਨੂੰਆਂ ਅਤੇ ਸਰਹਾਲੀ ਵੱਲ ਜਾ ਰਹੀ ਸੀ। ਜਦੋਂ ਇਹ ਪਿੰਡ ਖੇਡਾ ਦੇ ਸੂਏ ਕੋਲ ਪੁੱਜੀ ਤਾਂ ਸੂਚਨਾ ਮਿਲੀ ਕਿ ਲਵਜੀਤ ਸਿੰਘ ਲੱਭਾ ਪੁੱਤਰ ਸਤਨਾਮ ਸਿੰਘ ਵਾਸੀ ਸਭਰਾ ਆਪਣੀ ਬਲੈਰੋ ਕੈਂਪਰ ਗੱਡੀ ਨੰਬਰ ਪੀਬੀ07 ਏਐੱਸ 8639 ’ਤੇ ਸਵਾਰ ਹੋ ਕੇ ਪੱਟੀ ਤੋਂ ਸਰਹਾਲੀ ਵੱਲ ਆ ਰਿਹਾ ਹੈ। ਜਿਸਦੇ ਚੱਲਦਿਆਂ ਏਐੱਸਆਈ ਨਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਨਾਕੇਬੰਦੀ ਕਰਕੇ ਲਵਜੀਤ ਸਿੰਘ ਲੱਭਾ ਨੂੰ 32 ਬੋਰ ਦੇ ਦੇਸੀ ਪਿਸਟਲ, ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।



