
ਜਲੰਧਰ, 12 ਫਰਵਰੀ- ਮੇਰੇ ਨੈਣਾ ਵਿਚ ਸ੍ਰੀ ਗੁਰੂ ਰਵਿਦਾਸ ਵਸਦੇ, ਨੈਣ ਖੋਲ੍ਹਾਂ ਕਿ ਨਾ’, ‘ਸ੍ਰੀ ਗੁਰੂ ਰਵਿਦਾਸ ਜੀ ਦੇ ਲਾਲ’ ਤੇ ‘ਜੋ ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ’ ਦੇ ਜੈਕਾਰਿਆਂ ਨਾਲ ਪੂਰਾ ਸ਼ਹਿਰ ਗੂੰਜ ਉਠਿਆ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲੰਗਰ ਲਗਾਏ ਗਏ, ਸਵਾਗਤੀ ਸਟੇਜਾਂ ਲਾਈਆਂ ਗਈਆਂ, ਧਾਰਮਿਕ ਗੀਤਾਂ ’ਤੇ ਸੰਗਤ ਨੱਚਦੀ ਰਹੀ। ਇਹ ਮਨਮੋਹਕ ਨਜ਼ਾਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ਼ਹਿਰ ’ਚ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਸੀ। ਮੰਗਲਵਾਰ ਨੂੰ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ’ਚ ਸ਼ਹਿਰ ਤੋਂ ਹੀ ਨਹੀਂ ਸਗੋਂ ਆਸ-ਪਾਸ ਦੇ ਇਲਾਕਿਆਂ ’ਚੋਂ ਵੀ ਸੰਗਤ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸ਼ੋਭਾ ਯਾਤਰਾ ਦੀ ਸ਼ੁਰੂਆਤ ਸ੍ਰੀ ਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਤੋਂ ਝੰਡਾ ਚੜ੍ਹਾਉਣ ਤੇ ਅਰਦਾਸ ਨਾਲ ਕੀਤੀ ਗਈ ਜਿਸ ’ਚ ਸੰਤ ਸਮਾਜ ਦੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਵਪਾਰਕ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਦੌਰਾਨ ਸੰਗਤਾਂ ਦਾ ਉਤਸ਼ਾਹ ਵੀ ਦੇਖਣਯੋਗ ਸੀ।ਸ਼ੋਭਾ ਯਾਤਰਾ ’ਚ ਸ਼ਾਮਲ ਹੋਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਨੁੱਖਤਾ ਨੂੰ ਧਰਮ, ਅਧਿਆਤਮਿਕਤਾ ਤੇ ਮਨੁੱਖਤਾ ਦੀ ਸੇਵਾ ਦਾ ਸੱਦਾ ਦਿੱਤਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੋਬਿਨ ਸਾਂਪਲਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਾਤ-ਪਾਤ ਤੇ ਵਰਗ ਦੇ ਪੱਖਪਾਤ ਤੋਂ ਉੱਪਰ ਉੱਠ ਕੇ ਧਰਮ ਤੇ ਮਨੁੱਖਤਾ ਨੂੰ ਜਿਊਣ ਦਾ ਸੰਦੇਸ਼ ਦਿੱਤਾ ਹੈ। ਗੁਰੂ ਮਹਾਰਾਜ ਦਾ ਜੀਵਨ ਸਮੁੱਚੇ ਵਿਸ਼ਵ ਲਈ ਸਦਾ ਮਿਸਾਲ ਬਣਿਆ ਰਹੇਗਾ। ਇਸੇ ਤਰ੍ਹਾਂ ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ, ਦੀਪਕ ਬਾਲੀ, ਪਵਨ ਟੀਨੂੰ ਨੇ ਵੀ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਗੁਰੂ ਮਹਾਰਾਜ ਦੀ ਜੀਵਨੀ ਤੋਂ ਗਿਆਨ ਲੈਣ ਲਈ ਪ੍ਰੇਰਿਆ।
150 ਤੋਂ ਵੱਧ ਥਾਵਾਂ ’ਤੇ ਲੱਗੇ ਸਵਾਗਤੀ ਮੰਚ ਤੇ ਸਟਾਲ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਮੰਗਲਵਾਰ ਨੂੰ ਸ਼ਹਿਰ ’ਚ ਸਜਾਈ ਗਈ ਸ਼ੋਭਾ ਯਾਤਰਾ ’ਚ ਸ਼ਹਿਰ ਦੀਆਂ ਸੜਕਾਂ ’ਤੇ 150 ਤੋਂ ਵੱਧ ਥਾਵਾਂ ’ਤੇ ਸਵਾਗਤੀ ਸਟੇਜਾਂ ਤੇ ਸਟਾਲ ਲਗਾਏ ਗਏ ਜਿੱਥੇ ਸ਼ਰਧਾਲੂਆਂ, ਪਤਵੰਤਿਆਂ, ਸਹਿਯੋਗੀ ਸੰਸਥਾਵਾਂ ਤੇ ਪ੍ਰਬੰਧਕਾਂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਲੰਗਰਾਂ ਦਾ ਸਿਲਸਿਲਾ ਸਵੇਰ ਤੋਂ ਦੇਰ ਸ਼ਾਮ ਤੱਕ ਜਾਰੀ ਰਿਹਾ।-
ਅੱਜ ਮਨਾਇਆ ਜਾਵੇਗਾ ਰਾਜ ਪੱਧਰੀ ਸਮਾਗਮ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰਾਜ ਪੱਧਰੀ ਸਮਾਗਮ ਸ਼ਹਿਰ ’ਚ ਮਨਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ ਜਿਸ ਤਹਿਤ 12 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਧਾਮ ਤੇ ਬਾਹਰ ਵਿਸ਼ਾਲ ਪੰਡਾਲ ਲਗਾ ਕੇ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ’ਚ ਵੱਖ-ਵੱਖ ਸ਼ਹਿਰਾਂ ਤੋਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜੱਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਣਗੇ। ਸੰਗਤਾਂ ਮੱਥਾ ਟੇਕ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣਗੀਆਂ।



