ਮੈਡੀਕਲ ਪ੍ਰੈਟੀਸ਼ਨਰਜ਼ ਐਸੋਸੀਏਸਨ ਬਲਾਕ ਫਿਰੋਜ਼ਪੁਰ ਕੈਂਟ ਦੇ ਡਾ.ਅਨਿਲ ਸ਼ਰਮਾ ਮੁੜ ਪ੍ਰਧਾਨ ਚੁਣੇ ਗਏ
ਸਰਕਾਰ ਨੂੰ ਟ੍ਰੇਨਿੰਗ ਸ਼ੁਰੂ ਕਰਨ ਦੀ ਅਪੀਲ : ਗੋਇਲ
ਫਿਰੋਜ਼ਪੁਰ, 8 ਫਰਵਰੀ (ਬਾਲ ਕਿਸ਼ਨ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਫਿਰੋਜ਼ਪੁਰ ਕੈਂਟ ਦਾ ਡੈਲੀਗੇਟ ਇਜ਼ਲਾਸ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ‘‘ਸਾਡਾ ਰੁਜ਼ਗਾਰ ਸਾਡਾ ਅਧਿਕਾਰ’’ ਦੇ ਮਿਸ਼ਨ ਨੂੰ ਸਮਰਪਿਤ ਬਲਾਕ ਪ੍ਰਧਾਨ ਡਾ. ਅਨਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਮੁੱਖ ਸਲਾਹਕਾਰ ਡਾ. ਮਲਕੀਤ ਥਿੰਦ, ਵਿੱਤ ਸਕੱਤਰ ਡਾ. ਰਾਕੇਸ਼ ਮਹਿਤਾ ਅਤੇ ਜ਼ਿਲ੍ਹਾ ਪ੍ਰਧਾਨ ਡਾ. ਹਰਭਜਨ ਲਾਲ ਕੰਬੋਜ ਅਤੇ ਕੈਸ਼ੀਅਰ ਡਾ. ਬਿਸ਼ਨ ਦਾਸ, ਵਾਇਸ ਪ੍ਰਧਾਨ ਜਸਵਿੰਦਰ ਸੂਕਰ ਪਹੁੰਚੇ । ਸਭ ਤੋਂ ਪਹਿਲਾਂ ਜਥੇਬੰਦੀ ਦੇ ਪਰਿਵਾਰਾਂ ਅਤੇ ਪਿਛਲੇ ਦਿਨੀਂ ਹੋਈ ਦਰਦਨਾਕ ਦੁਰਘਟਨਾ ਵਿੱਚ ਵਿਛੜਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਪਹੁੰਚੇ ਆਗੂਆਂ ਅਤੇ ਡੈਲੀਗੇਟ ਸਾਥੀਆਂ ਦਾ ਸਵਾਗਤ ਕੀਤਾ ਗਿਆ। ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਮੁੱਖ ਸਲਾਹਕਾਰ ਡਾ. ਮਲਕੀਤ ਥਿੰਦ , ਕੈਸ਼ੀਅਰ ਡਾ. ਰਾਕੇਸ਼ ਮਹਿਤਾ ਅਤੇ ਜ਼ਿਲ੍ਹਾ ਪ੍ਰਧਾਨ ਡਾ. ਹਰਭਜਨ ਲਾਲ ਕੰਬੋਜ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਜਥੇਬੰਦੀ ਵੱਲੋਂ ਸਾਡੇ ਰੁਜ਼ਗਾਰ ਦੀ ਰਾਖੀ ਅਤੇ ਮਾਨਤਾ ਲਈ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਹੈ ਅਤੇ ਨਾਲੋ ਨਾਲ ਖਨੌਰੀ ਕਿਸਾਨ ਮੋਰਚੇ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟੋਹਾਣਾ ਅਤੇ ਮੋਗਾ ਦੀਆਂ ਮਹਾਂ ਪੰਚਾਇਤ ਅਤੇ ਟ੍ਰੈਕਟਰ ਮਾਰਚ ਸਮੇਤ ਪਿੰਡ ਦਾਨ ਸਿੰਘ ਵਾਲਾ ਵਿੱਚ ਮਜ਼ਦੂਰ ਪਰਿਵਾਰਾਂ ਅਤੇ ਪਿੰਡ ਜਿਉਂਦ ਵਿੱਚ ਕਿਸਾਨਾਂ ਦੇ ਸਾਂਝੇ ਸੰਘਰਸ਼ ਦੀ ਹਮਾਇਤ ਕਰਦਿਆਂ ਸਾਂਝੀਆਂ ਮੰਗਾਂ ਸਬੰਧੀ ਲੋਕ ਸੰਘਰਸ਼ਾਂ ਵਿੱਚ ਯੋਗਦਾਨ ਪਾਉਂਦਿਆਂ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਨ ਦੇ ਯਤਨ ਜਾਰੀ ਹਨ । ਪਿਛਲੇ ਸਮੇਂ ਸੂਬਾ ਕਮੇਟੀ ਵੱਲੋਂ ਵਿਉਂਤਬੰਦੀ ਨਾਲ ਉਲੀਕੇ ਸੰਘਰਸ਼ਾਂ ਦੀ ਬਦੌਲਤ ਪੰਜਾਬ ਸਰਕਾਰ ਵੱਲੋਂ ਮਾਣਯੋਗ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਰਹਿਨੁਮਾਈ ਵਿੱਚ ਸਿਹਤ ਵਿਭਾਗ ਦੇ ਆਹਲਾ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਸੂਬਾ ਕਮੇਟੀ ਦੇ ਵਫ਼ਦ ਨਾਲ ਪੈਨਲ ਮੀਟਿੰਗ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਸ਼ਲਾਘਾ ਕਰਦੇ ਹੋਏ ਸਿਹਤ ਵਿਭਾਗ ਨੂੰ ਪ੍ਰਪੋਜ਼ਲ ਤਿਆਰ ਕਰਕੇ ਜਲਦੀ ਟ੍ਰੇਨਿੰਗ ਕਰਵਾਉਣ ਦੇ ਪ੍ਰਬੰਧਾਂ ਲਈ ਆਦੇਸ਼ ਜਾਰੀ ਕੀਤੇ ਸਨ। ਆਗੂਆਂ ਨੇ ਪੰਜਾਬ ਸਰਕਾਰ ਸਿਹਤ ਮੰਤਰੀ ਪੰਜਾਬ ਤੋਂ ਟ੍ਰੇਨਿੰਗ ਜਲਦੀ ਸ਼ੁਰੂ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ ।ਡਾ. ਅਮਰੀਕ ਸਿੰਘ ਅਤੇ ਡਾ.ਸੁਖਵਿੰਦਰ ਕੌਰ ਵੱਲੋਂ ਜਥੇਬੰਦੀ ਨੂੰ ਇੱਕ ਮਰੂਤੀ ਕਾਰ ਐਂਬੂਲੈਂਸ ਵਜੋਂ ਵਰਤਨ ਲਈ ਗਿਫ਼ਟ ਵਜੋਂ ਭੇਂਟ ਕੀਤੀ। ਇਸ ਉਤਮ ਕਾਰਜ਼ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ। ਬਲਾਕ ਸਕੱਤਰ ਅਤੇ ਬਲਾਕ ਕੈਸ਼ੀਅਰ ਡਾ. ਸੰਜੀਵ ਸ਼ਰਮਾ ਵੱਲੋਂ ਪੇਸ਼ ਕੀਤੀਆਂ ਰਿਪੋਰਟਾਂ ਨੂੰ ਵਿਚਾਰਿਆ ਗਿਆ ਅਤੇ ਬਲਾਕ ਪ੍ਰਧਾਨ ਨੇ ਪ੍ਰਧਾਨਗੀ ਭਾਸ਼ਣ ਉਪਰੰਤ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਨਿਗਰਾਨ ਕਮੇਟੀ ਵੱਲੋਂ ਚੋਣ ਪ੍ਰਕਿਰਿਆ ਪੂਰੀ ਕਰਵਾਈ ਅਤੇ ਸਰਬਸੰਮਤੀ ਨਾਲ ਚੋਣ ਹੋਈ ਵਿੱਚ ਬਲਾਕ ਪ੍ਰਧਾਨ ਡਾ. ਅਨਿਲ ਸ਼ਰਮਾ, ਚੇਅਰਮੈਨ ਡਾ. ਮਨਪ੍ਰੀਤ ਸਚਦੇਵਾ, ਸੀਨੀਅਰ ਵਾਇਸ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਡਾ. ਕਮਲ ਦਰੋਚਾ, ਕੈਸ਼ੀਅਰ ਡਾ. ਸੰਜੀਵ ਸ਼ਰਮਾ , ਮੁੱਖ ਸਲਾਹਕਾਰ ਡਾ. ਗੁਰਚਰਨ ਸਿੰਘ ਸਾਹਨੀ , ਸਲਾਹਕਾਰ ਨਿਤਿਨ ਧਵਨ, ਜ਼ਿਲ੍ਹਾ ਕਮੇਟੀ ਮੈਂਬਰ ਡਾ.ਅਮਰਜੀਤ ਸਿੰਘ , ਲੇਡੀਜ਼ ਵਿੰਗ ਦੇ ਪ੍ਰਧਾਨ ਡਾ. ਸੁਖਵਿੰਦਰ ਕੌਰ , ਸਹਾਇਕ ਕੈਸ਼ੀਅਰ ਡਾ. ਸੁਖਵਿੰਦਰ ਸਿੰਘ , ਸਟੇਜ ਸਕੱਤਰ ਡਾ. ਨਵਲ ਕਸ਼ਿਅਪ ਅਤੇ ਪਰਮਿੰਦਰ ਸਿੰਘ ਪ੍ਰੈਸ ਸਕੱਤਰ ਚੁਣੇ ਗਏ । ਪਹੁੰਚੇ ਆਗੂਆਂ ਵੱਲੋਂ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੰਦਿਆਂ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਬਲਾਕ ਦੀ ਨਵੀਂ ਚੁਣੀ ਕਮੇਟੀ ਵੱਲੋਂ ਆਏ ਮਹਿਮਾਨਾਂ ਅਤੇ ਡੈਲੀਗੇਟ ਆਗੂਆਂ ਸਮੇਤ ਲੇਡੀਜ਼ ਵਿੰਗ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਸੂਬਾ ਕਮੇਟੀ ਵੱਲੋਂ ਉਲੀਕੇ ਕਾਰਜਾਂ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਦਾ ਅਹਿਦ ਵੀ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਡਾ.ਨਵਲ ਕਸ਼ਅਪ ਵੱਲੋਂ ਬਾਖੂਬੀ ਨਿਭਾਈ ਗਈ।ਇਸ ਸਮੇਂ ਲੇਡੀਜ਼ ਵਿੰਗ ਦੇ ਡਾ.ਸੰਗੀਤਾ ਰਾਣੀ ਅਤੇ ਡਾ.ਸਿਮਰਨ ਸਮੇਤ ਸਮੂਹ ਮੈਂਬਰ ਸਾਥੀ ਵੀ ਮੌਜ਼ੂਦ ਸਨ।



