
ਫ਼ਿਰੋਜ਼ਪੁਰ, 31 ਜਨਵਰੀ (ਬਾਲ ਕਿਸ਼ਨ)– ਫ਼ਿਰੋਜ਼ਪੁਰ ਵਿਖੇ ਬੁੱਧਵਾਰਾ ਵਾਲਾ ਮੁਹੱਲਾ ’ਚ ਇਕ ਵਿਅਕਤੀ ’ਤੇ ਕਿਰਚ ਨਾਲ ਹਮਲਾ ਕਰਕੇ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ 118 (2), 115 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪ੍ਰੀਤ ਸਿੰਘ ਪੁੱਤਰ ਉਡੀਕ ਸਿੰਘ ਵਾਸੀ ਕਸੂਰੀ ਗੇਟ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਬੈਨ ਕੈਫ ਟੋਰੀਆ ਬਾਗੀ ਰੋਡ ਸਿਟੀ ਫ਼ਿਰੋਜ਼ਪੁਰ ਤੋਂ ਮੋਟਰਸਾਈਕਲ ’ਤੇ ਬੁੱਧਵਾਰਾ ਵਾਲਾ ਮੁਹੱਲਾ ਵਿਖੇ ਆਇਆ ਸੀ ਤਾਂ ਅੱਗੇ ਗੁਰਮੀਤ ਸਿੰਘ ਪੁੱਤਰ ਜਗਤਾਰ ਸਿੰਘ ਜੋ ਆਪਣੀ ਐਕਟਿਵਾ ਸਕੂਟਰੀ ’ਤੇ ਸਵਾਰ ਹੋ ਕੇ ਆਇਆ ਤੇ ਉਸ ਦੇ ਮੋਟਰਸਾਈਕਲ ਅੱਗੇ ਲਗਾ ਦਿੱਤੀ ਤੇ ਉਸ ਨੂੰ ਰੋਕ ਲਿਆ ਤੇ ਕਹਿਣ ਲੱਗਾ ਕਿ ਤੁਸੀਂ ਪਹਿਲਾਂ ਜੋ ਮੇਰੇ ਲੜਕੇ ਨਵਦੀਪ ਸਿੰਘ ਨਾਲ ਕੁੱਟਮਾਰ ਕਰਕੇ ਸੱਟਾਂ ਮਾਰੀਟਾਂ ਸਨ, ਤੁਹਾਡੇ ’ਤੇ ਜੋ ਮੁਕੱਦਮਾ ਦਰਜ ਹੋਇਆ ਉਸ ਵਿਚੋਂ ਤੁਸੀਂ ਜ਼ਮਾਨਤਾਂ ਕਰਵਾ ਲਈਆਂ ਹਨ। ਪਰ ਸਾਡੇ ਮਨ ਨੂੰ ਤਸੱਲੀ ਨਹੀਂ ਹੋਈ, ਤੂੰ ਤੇ ਤੇਰਾ ਪਰਿਵਾਰ ਸਾਨੂੰ ਅੱਖਾਂ ਵਿਚ ਰੜਕ ਰਿਹਾ ਹੈ ਤੇ ਗੁਰਮੀਤ ਸਿੰਘ ਬਹਿਸਬਾਜੀ ਕਰਨ ਲੱਗਾ ਤੇ ਨਵਦੀਪ ਸਿੰਘ ਵੀ ਮੌਕੇ ’ਤੇ ਆ ਗਿਆ ਤੇ ਉਸ ਦੇ ਗਲ ਪੈ ਗਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਨੇ ਆਪਣੀ ਜੇਬ ਵਿਚੋਂ ਛੋਟੀ ਕਿਰਚ ਕੱਢ ਕੇ ਉਸ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜੋ ਉਸ ਦੀ ਅੱਖ ਤੇ ਨੱਕ ਦੇ ਪਾਸੇ ਲੱਗੇ। ਜਦ ਉਹ ਭੱਜਣ ਲੱਗਾ ਤਾਂ ਗੁਰਮੀਤ ਸਿੰਘ ਨੇ ਆਪਣਾ ਸਿਰੀ ਸਾਹਿਬ ਕੱਢ ਕੇ ਉਸ ’ਤੇ ਵਾਰ ਕੀਤਾ ਜੋ ਉਸ ਦੇ ਖੱਬੇ ਹੱਥ ’ਤੇ ਲੱਗਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।



