Punjab

ਬਾਬਾ ਸਾਹਿਬ ਡਾ: ਅੰਬੇਦਕਰ ਦੀ ਬੇਅਦਬੀ ਦੇ ਰੋਸ ਵਜੋਂ ਫ਼ਿਰੋਜ਼ਪੁਰ ਰਿਹਾ ਮੁਕੰਮਲ ਬੰਦ

ਸੜਕਾਂ ’ਤੇ ਉਤਰ ਵਾਲਮੀਕਿ ਸਮਾਜ ਨੇ ਜਤਾਇਆ ਰੋਸ

ਫ਼ਿਰੋਜ਼ਪੁਰ, 30 ਜਨਵਰੀ (ਬਾਲ ਕਿਸ਼ਨ)– ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਬੇਅਦਬੀ ਦੇ ਰੋਸ ਵਜੋਂ ਅੱਜ 30 ਜਨਵਰੀ ਨੂੰ ਫ਼ਿਰੋਜ਼ਪੁਰ ਬੰਦ ਦੇ ਸੱਦੇ ’ਤੇ ਫ਼ਿਰੋਜ਼ਪੁਰ ਸ਼ਹਿਰ–ਛਾਉਣੀ ਪੂਰੀ ਤਰ੍ਹਾਂ ਬੰਦ ਰਿਹਾ। ਜਿੱਥੇ ਸਵੇਰ ਤੋਂ ਹੀ ਬਾਜ਼ਾਰਾਂ ਵਿਚ ਸੰਨਾਟਾ ਛਾਇਆ ਰਿਹਾ, ਉੱਥੇ ਆਵਾਜਾਈ ਦੇ ਸਾਧਨ ਤੋਂ ਇਲਾਵਾ ਸਕੂਲ, ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰ ਬੰਦ ਰਹੇ, ਜਦਕਿ ਇਕਾ–ਦੁੱਕਾ ਬੈਂਕ ਆਦਿ ਪ੍ਰਾਈਵੇਟ ਕੰਪਨੀਆਂ ਦੇ ਦਫ਼ਤਰ ਖੁੱਲ੍ਹੇ ਸਨ, ਜਿਨ੍ਹਾਂ ਨੂੰ ਰੋੋੋਸ ਪ੍ਰਦਰਸ਼ਨ ’ਚ ਸ਼ਾਮਿਲ ਨੌਜਵਾਨਾਂ ਨੇ ਆਪਣਾ ਰੋਸ ਵਿਖਾਉਂਦਿਆਂ ਬੰਦ ਕਰਵਾਇਆ। ਬੰਦ ਦੌਰਾਨ ਸੰਬੋਧਨ ਕਰਦੇ ਹੋਏ ਆਦਿ ਧਰਮ ਸਮਾਜ (ਆਧਸ ਤੋਂ) ਪ੍ਰਧਾਨ ਸ਼ਾਮ ਲਾਲ ਭੰਗੀ, ਮੁਕੇਸ਼ ਮੇਘਨਾਥ, ਦਰਸ਼ਨ ਮੰਡ, ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਜ਼ਿਲ੍ਹਾ ਪ੍ਰਧਾਨ ਪਿੱਪਲ ਸਹੋਤਾ, ਕਿੱਕਰ ਸਹੋਤਾ ਜਨਰੀ ਸਕੱਤਰ ਭਾਵਾਧਸ ਪੰਜਾਬ, ਜੱਜ ਸਹੋਤਾ ਵਾਈਸ ਪ੍ਰਧਾਨ ਭਾਵਾਧਸ ਪੰਜਾਬ, ਮੋਂਟੂ ਗਿੱਲ ਭਾਵਾਧਸ ਪੰਜਾਬ, ਬਾਬਾ ਬਲਦੇਵ ਨਾਥ ਮੁਖੀ ਲਵ–ਕੁਸ਼ ਦਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ: ਅੰਬੇਦਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਭਾਵੇਂ ਪੁਲਿਸ ਵਲੋਂ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਪੁਲਿਸ ਦੋਸ਼ੀ ਨੂੰ ਮਾਨਸਿਕ ਬਿਮਾਰ ਦੱਸ ਅਸਲ ਸਾਜਿਸ਼ਕਾਰਾਂ ਨੂੰ ਨਹੀਂ ਬਚਾ ਸਕਦੀ, ਜੋ ਪੂਰਾ ਦੇਸ਼ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਅਮਨ–ਸ਼ਾਂਤੀ ਤੇ ਭਾਈਚਾਰਕ ਸਾਂਝ ਕਰਕੇ ਚੁੱਪ ਹਾਂ, ਪਰ ਜੇਕਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੇ ਬੇਅਦਬੀ ਕਰਵਾਉਣ ਵਾਲੇ ਸਾਜਿਸ਼ਕਾਰਾਂ ਨੂੰ ਬੇਨਕਾਬ ਨਾ ਕੀਤਾ ਤਾਂ ਇਹ ਰੋਸ ਦੀ ਅੱਗ ਪੰਜਾਬ ਬੰਦ ਤੋਂ ਬਾਅਦ ਭਾਰਤ ਬੰਦ ਤੱਕ ਜਾਵੇਗੀ, ਜਿਸ ਦੇ ਨਿਕਲਣ ਵਾਲੇ ਸਿੱਟੇ ਦਾ ਜ਼ੁੰਮੇਵਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ। ਬਗ਼ੈਰ ਕਿਸੇ ਅਣਸੁਖਾਵੀਂ ਘਟਨਾ ਤੋਂ ਸ਼ਾਮ 5 ਵਜੇ ਤੱਕ ਇਹ ਬੰਦ ਸਫਲ ਰਿਹਾ। ਇਸ ਮੌਕੇ ਸੁਰਜੀਤ ਭੱਟੀ ਦਿਹਾਤੀ ਪ੍ਰਧਾਨ ਭਾਵਧਸ, ਭੈਣ ਸੁਮਨ ਗਿੱਲ ਜ਼ਿਲ੍ਹਾ ਪ੍ਰਧਾਨ ਭਾਵਾਧਸ, ਵਿਜੈ ਗੋਰੀਆ, ਯਾਕੂਬ ਭੱਟੀ, ਪਾਸਟਰ ਰਾਜਿੰਦਰ ਹੰਸ, ਬਸਪਾ ਤੋਂ ਬਲਵਿੰਦਰ ਸਿੰਘ ਮੱਲਵਾਲ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button