National

ਬੀਕਾਨੇਰ ਡਵੀਜ਼ਨ ਵੱਲੋਂ ਦਰਜਨਾਂ ਰੇਲਗੱਡੀਆਂ ਕਈ ਦਿਨਾਂ ਲਈ ਬੰਦ, ਰੇਲਵੇ ਨੂੰ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

ਬਾਲ ਕਿਸ਼ਨ

ਫ਼ਿਰੋਜ਼ਪੁਰ, 18 ਜਨਵਰੀ- ਪ੍ਰਯਾਗਰਾਜ ’ਚ ਚੱਲ ਰਹੇ ਮਹਾਕੁੰਭ ਦੌਰਾਨ ਇੱਕ ਪਾਸੇ ਦੇਸ਼ ਦੇ ਕੋਨੇ-ਕੋਨੇ ਤੋਂ ਨਵੀਆਂ ਰੇਲਗੱਡੀਆਂ ਚਲਾ ਕੇ ਲੋਕਾਂ ਨੂੰ ਮਹਾਕੁੰਭ ਮੇਲੇ ’ਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਵੱਖ-ਵੱਖ ਰੇਲ ਰੂਟਾਂ ‘ਤੇ ਤਕਨੀਕੀ ਕੰਮ ਸ਼ੁਰੂ ਹੋਣ ਕਾਰਨ ਬੀਕਾਨੇਰ ਡਵੀਜ਼ਨ ਵੱਲੋਂ ਦਰਜਨਾਂ ਰੇਲ ਗੱਡੀਆਂ ਨੂੰ ਕਈ ਦਿਨਾਂ ਲਈ ਰੋਕਿਆ ਗਿਆ ਹੈ। ਜਿਸ ’ਚ ਅਬੋਹਰ ’ਚੋਂ ਲੰਘਣ ਵਾਲੀਆਂ ਦੋ ਰੇਲ ਗੱਡੀਆਂ ਵੀ ਸ਼ਾਮਲ ਹਨ। ਇਨ੍ਹਾਂ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਰੇਲਵੇ ਸਲਾਹਕਾਰ ਕਮੇਟੀ ਦੇ ਮੈਂਬਰ ਨੇ ਰੇਲਵੇ ਨੂੰ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਰੇਲਵੇ ਲਾਈਨਾਂ ‘ਤੇ ਇੰਟਰਲਾਕਿੰਗ ਸਣੇ ਕੁਝ ਹੋਰ ਕੰਮਾਂ ਕਾਰਨ ਜਿਨ੍ਹਾਂ ਰੇਲ ਗੱਡੀਆਂ ਨੂੰ 10 ਤੋਂ 15 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ’ਚ 20 ਤੋਂ 30 ਜਨਵਰੀ ਤੱਕ ਅਬੋਹਰ ਤੋਂ ਲੰਘਣ ਵਾਲੀ ਫਿਰੋਜ਼ਪੁਰ-ਹਨੂੰਮਾਨਗੜ੍ਹ ਰੇਲ ਗੱਡੀ 11 ਦਿਨਾਂ ਲਈ ਤੇ ਜੋਧਪੁਰ-ਅਬੋਹਰ ਰੇਲ ਗੱਡੀ ਸ਼ਾਮਲ ਹੈ। 25 ਜਨਵਰੀ ਤੋਂ 2 ਫਰਵਰੀ ਤੱਕ 9 ਦਿਨਾਂ ਲਈ ਇਸ ਨੂੰ ਬੰਦ ਕਰਨ ਲਈ ਜਾਰੀ ਕੀਤਾ ਗਿਆ ਹੈ।ਰੇਲ ਗੱਡੀ ਨੰਬਰ 14601-02 ਫਿਰੋਜ਼ਪੁਰ-ਹਨੂੰਮਾਨਗੜ੍ਹ ਬਾਰੇ ਯਾਤਰੀਆਂ ਨੇ ਕਿਹਾ ਕਿ ਇਸ ਰੇਲ ਗੱਡੀ ’ਚ ਹਰ ਰੋਜ਼ ਵੱਡੀ ਗਿਣਤੀ ’ਚ ਮੁਸਾਫ਼ਰ ਸਫ਼ਰ ਕਰਦੇ ਹਨ। ਇਸ ਦੇ ਬਾਵਜੂਦ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਅਬੋਹਰ ਤੇ ਜੋਧਪੁਰ ਵਿਚਕਾਰ ਚੱਲਣ ਵਾਲੀ ਰੇਲਗੱਡੀ ਨੂੰ ਵੀ ਰੋਕ ਦਿੱਤਾ ਗਿਆ ਹੈ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਕੁੰਭ ਮੇਲੇ ਲਈ ਭੇਜਣ ਲਈ ਇੱਥੋਂ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡਿਵੀਜ਼ਨਲ ਰੇਲਵੇ ਖਪਤਕਾਰ ਸਲਾਹਕਾਰ ਕਮੇਟੀ ਦੇ ਮੈਂਬਰ ਸੁਸ਼ੀਲ ਗੋਇਲ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਮੰਨਿਆ ਕਿ ਇਨ੍ਹਾਂ ਰੇਲਗੱਡੀਆਂ ਨੂੰ ਕੁੰਭ ਮੇਲੇ ’ਚ ਭੇਜਣ ਲਈ ਰੱਦ ਕੀਤਾ ਜਾ ਰਿਹਾ ਹੈ। ਜਦੋਂ ਉਨ੍ਹਾਂ ਬੀਕਾਨੇਰ ਡਵੀਜ਼ਨ ਦੇ ਜੀਐਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇੰਟਰਲਾਕਿੰਗ ਦਾ ਕੰਮ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤਾ ਗਿਆ ਸੀ ਤੇ ਇਨ੍ਹਾਂ ਰੇਲਗੱਡੀਆਂ ਨੂੰ ਉਨ੍ਹਾਂ ਦੇ ਹੁਕਮਾਂ ‘ਤੇ ਹੀ ਰੋਕਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਪੱਤਰ ਲਿਖਣਗੇ ਤੇ ਯਾਤਰੀਆਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਗੇ।

Related Articles

Leave a Reply

Your email address will not be published. Required fields are marked *

Back to top button