
ਕਾਦੀਆ, 17 ਜਨਵਰੀ– ਕਸਬਾ ਕਾਦੀਆਂ ਦੇ ਬੁੱਟਰ ਰੋਡ ’ਤੇ ਸਥਿਤ ਸ੍ਰੀ ਗੁਰੂ ਲਾਲ ਜੀ ਜਨਰਲ ਸਟੋਰ ਨਾਮਕ ਤਿੰਨ ਮੰਜ਼ਲੀ ਦੁਕਾਨ ਅੰਦਰ ਰਾਤ ਸਮੇਂ ਅਚਾਨਕ ਅੱਗ ਲੱਗ ਜਾਣ ਨਾਲ ਲਗਪਗ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਆਸ ਪਾਸ ਦੇ ਲੋਕਾਂ ਵਲੋਂ ਅੱਗ ਬਝਾਉਣ ਲਈ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜਨਰਲ ਸਟੋਰ ਦੇ ਮਾਲਕ ਸੰਜੀਵ ਕੁਮਾਰ ਭਾਟੀਆ ਪੁੱਤਰ ਸੱਤਪਾਲ ਭਾਟੀਆ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕੱਲ੍ਹ ਰਾਤ ਨੂੰ ਸਟੋਰ ਬੰਦ ਕਰ ਕੇ ਸੱਟਰ ਨੂੰ ਤਾਲੇ ਲਗਾ ਕੇ ਆਪਣੇ ਘਰ ਚਲੇ ਗਏ ਸਨ। ਰਾਤ ਦੇ ਕਰੀਬ 2 ਵਜ਼ੇ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਜਨਰਲ ਸਟੋਰ ਅੰਦਰ ਅੱਗ ਲੱਗੀ ਹੋਈ ਹੈ ਅਤੇ ਧੂੰਆਂ ਬਾਹਰ ਨਿਕਲ ਰਿਹਾ ਹੈ। ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸਟੋਰ ਅੰਦਰੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਹੀ ਧੂੰਆਂ ਨਿਕਲ ਰਿਹਾ ਸੀ। ਸੂਚਨਾ ਮਿਲਦੇ ਹੀ ਡੀਐਸਪੀ ਹਰਕ੍ਰਿਸ਼ਨ ਸਿੰਘ, ਥਾਣਾ ਕਾਦੀਆਂ ਦੇ ਮੁਖੀ ਨਿਰਮਲ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ ਕਾਦੀਆਂ, ਸੀਐਚਸੀ ਕਾਦੀਆਂ ਦੇ ਐਸਐਮਓ ਡਾਕਟਰ ਸ਼ੁੱਭਨੀਤ ਆਦਿ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਉਣ ਲਈ ਕਾਦੀਆਂ ਅਤੇ ਬਟਾਲਾ ਦੀਆਂ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ। ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਬਡ਼ੀ ਜਦੋ ਜਹਿਦ ਕਰਦਿਆਂ 8 ਘੰਟੇ ਬਾਅਦ ਅੱਗ ’ਤੇ ਕਾਬੂ ਪਾ ਲਿਆ। ਪਰ ਪੁਲੀਸ ਅਧਿਕਾਰੀਆਂ ਦੇ ਕਹਿਣਾ ਹੈ ਕਿ ਸਟੋਰ ਦੇ ਅੰਦਰ ਅਜੇ ਵੀ ਅੱਗ ਲੱਗੀ ਹੋਈ ਹੈ।



