
ਸੰਗਰੂਰ, 10 ਜਨਵਰੀ– ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਮਸਤੂਆਣਾ ਅਤੇ ਬਹਾਦਰਪੁਰ ਵਿਚਕਾਰ ਪੀਆਰਟੀਸੀ ਦੀ ਚੰਡੀਗੜ੍ਹ ਡਿਪੂ ਦੀ ਬੱਸ ਟਾਈਲਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦਾ ਇਕ ਪਾਸਾ ਬੁਰੀ ਤਰਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਬੱਸ ਦੇ ਕੰਡਕਟਰ ਰਮਨਦੀਪ ਸਿੰਘ (32) ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਿਲ ਹਨ ਅਤੇ ਸਾਰੇ ਹੀ ਸੰਗਰੂਰ ਦੇ ਰਹਿਣ ਵਾਲੇ ਹਨ। ਸੰਗਰੂਰ ਤੋ ਬਠਿੰਡਾ ਵੱਲ ਨੂੰ ਰਵਾਨਾ ਹੋਈ ਬੱਸ ਜਦੋਂ ਮਸਤੂਆਣਾ ਸਾਹਿਬ ਅਤੇ ਪਿੰਡ ਬਹਾਦਰਪੁਰ ਦੇ ਨੇੜੇ ਪੁੱਜੀ ਤਾਂ ਅੱਗੇ ਜਾ ਰਹੀ ਇੰਟਰਲਾਕ ਟਾਈਲਾਂ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਇਸ ਦੌਰਾਨ ਬੱਸ ਵਿੱਚ ਟਿਕਟਾਂ ਕੱਟ ਰਿਹਾ ਕੰਡਕਟਰ ਰਮਨਦੀਪ ਸਿੰਘ ਨਿਵਾਸੀ ਮਲੋਟ (ਮੁਕਸਤਰ ਸਾਹਿਬ) ਗੰਭੀਰ ਜ਼ਖ਼ਮੀ ਹੋ ਗਿਆ ਅਤੇ 15 ਹੋਰ ਸਵਾਰੀਆਂ ਦੇ ਸੱਟਾਂ ਲੱਗੀਆਂ। ਹਾਦਸੇ ਦਾ ਪਤਾ ਲੱਗਣ ’ਤੇ ਆਸੇ ਪਾਸੇ ਦੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਖ਼ੁਦ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਸੰਗਰੂਰ ਵਿੱਚ ਲਿਜਾਣ ਦਾ ਪ੍ਰਬੰਧ ਕਰਨ ਲੱਗੇ। ਕੰਡਕਟਰ ਰਮਨਦੀਪ ਸਿੰਘ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਜ਼ਖ਼ਮੀਆਂ ਦੀ ਪਛਾਣ ਬਸ਼ੀਰ ਖਾਂ (29) ਵਾਸੀ ਕਾਂਝਲੀ, ਅੰਜੂ (60) ਵਾਸੀ ਸੰਗਰੂਰ, ਨਿਰਮਲਾ ਦੇਵੀ (66) ਵਾਸੀ ਸੰਗਰੂਰ, ਸ਼ੰਕੁਤਲਾ (57) ਵਾਸੀ ਅੰਬਾਲਾ, ਪ੍ਰਦੀਪ (24), ਰਾਣੀ (42) ਵਾਸੀ ਸੰਗਰੂਰ, ਮਨਦੀਪ ਕੌਰ (45) ਵਾਸੀ ਧਨੌਲਾ, ਇੰਦਰਪਾਲ ਸਿੰਘ (46) ਵਾਸੀ ਸੰਗਰੂਰ, ਆਰਤੀ ਸੰਗਰੂਰ, ਲਵੀਸ਼ਾ (15), ਜਸਵੀਰ ਕੌਰ (45) ਵਾਸੀ ਝਨੇੜੀ ਅਤੇ ਅਮਨਦੀਪ ਸਿੰਘ (28) ਵਾਸੀ ਸੋਹੀਆਂ ਖੁਰਦ ਵਜੋਂ ਹੋਈ ਹੈ ਜਿਨ੍ਹਾਂ ਦਾ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦੇ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਉਧਰੇ ਜ਼ਖ਼ਮੀਆਂ ਨੂੰ ਘਟਨਾ ਸਥਾਨ ਤੋਂ ਲੈਣ ਪੁੱਜੀ ਐਂਬੂਲੈਂਸ ਦੀ ਗੱਡੀ ਨੂੰ ਵੀੇ ਧੁੰਦ ਕਾਰਨ ਕਿਸੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਸਿੱਟੇ ਵਜੋਂ ਉਸ ਦਾ ਚਾਲਕ ਲਵਪ੍ਰੀਤ ਸਿੰਘ ਅਤੇ ਉਸ ਦੇ ਨਾਲ ਬੈਠਾ ਨੌਜਵਾਨ ਬਲਕਾਰ ਸਿੰਘ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।



