ਗੁਰਦਾਸਪੁਰ, 26 ਜੂਨ : ਮੌਨਸੂਨ ਦੀ ਪਹਿਲੀ ਜ਼ੋਰਦਾਰ ਬਾਰਿਸ਼ ਹੁੰਦਿਆਂ ਹੀ ਅੱਜ ਰਾਵੀ ਦਰਿਆ ਪਾਰਲੇ 7 ਸਰਹੱਦੀ ਪਿੰਡਾਂ ਲਈ ਜ਼ੋਖਮ ਭਰਿਆ ਅਤੇ ਮੁਸ਼ਕਲਾਂ ਵਾਲਾ ਦੌਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਪੀਡਬਲਿਊਡੀ ਵਿਭਾਗ ਵੱਲੋਂ ਅੱਜ ਬਾਰਿਸ਼ ਦਾ ਆਗਾਜ਼ ਹੁੰਦਿਆਂ ਹੀ ਆਰਜ਼ੀ ਪੈਂਟੂਨ ਪੁਲ ਤੈਅ ਸਮੇਂ ਤੋਂ ਕਰੀਬ 15 ਦਿਨ ਪਹਿਲਾਂ ਹੀ ਚੁੱਕ ਲਿਆ ਗਿਆ। ਵਿਭਾਗ ਵੱਲੋਂ ਆਰ-ਪਾਰ ਜਾਣ ਲਈ ਦਰਿਆ ਵਿੱਚ ਬੇੜੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਪਾਰ ਵੱਸਦੇ ਹਜ਼ਾਰਾਂ ਲੋਕ ਜਿਥੇ ਦੇਸ਼ ਦੇ ਆਮ ਹਿੱਸੇ ਨਾਲੋਂ ਕੱਟੇ ਗਏ ਹਨ ਉਥੇ ਹੁਣ ਉਨ੍ਹਾਂ ਕੋਲ ਆਰ ਪਾਰ ਜਾਣ ਲਈ ਬੇੜੀ ਹੀ ਇਕ ਮਾਤਰ ਸਹਾਰਾ ਬਚਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਗਲੇ ਚਾਰ-ਪੰਜ ਮਹੀਨਿਆਂ ਲਈ ਇਹ ਲੋਕ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਬੇੜੀ ਰਾਹੀਂ ਰਾਵੀ ਦੀਆਂ ਛੱਲਾਂ ਨੂੰ ਚੀਰਦੇ ਹੋਏ ਅੱਗੇ ਵੱਧਣਗੇ। ਜ਼ਿਕਰਯੋਗ ਹੈ ਕਿ ਮਕੌੜਾ ਪੱਤਣ ਤੇ ਰਾਵੀ ਦਰਿਆ ਦੇ ਪਾਰ ਵਸੇ ਸੱਤ ਸਰਹੱਦੀ ਪਿੰਡਾਂ ਦੇ ਹਜ਼ਾਰਾਂ ਵਸਨੀਕ ਵੈਸੇ ਤਾਂ ਪਿਛਲੇ ਸੱਤ ਦਹਾਕਿਆਂ ਤੋਂ ਇਹ ਲੋਕ ਨਰਕ ਭਰੀ ਜ਼ਿੰਦਗੀ ਬਸਰ ਕਰ ਰਹੇ ਹਨ ਪਰ ਹਰ ਸਾਲ ਬਰਸਾਤੀ ਸੀਜ਼ਨ ਦੌਰਾਨ ਇਨ੍ਹਾਂ ਦੇ ਸਿਰ ਤੇ ਜਾਨ ਦਾ ਖੌਅ ਮੰਡਰਾਉਣ ਲੱਗ ਪੈਂਦਾ ਹੈ। ਦਰਿਆ ਉੱਪਰ ਬਣਾਇਆ ਗਿਆ ਆਰਜ਼ੀ ਪੈਨਟੂਨ ਪੁਲ ਚੁੱਕ ਲਿਆ ਜਾਂਦਾ ਹੈ ਅਤੇ ਆਵਾਜਾਈ ਲਈ ਇਕੋ ਇਕ ਸਹਾਰਾ ਕਿਸ਼ਤੀ ਰਹਿ ਜਾਂਦੀ ਹੈ। ਕਿਸ਼ਤੀ ਵਿਚ ਦਰਿਆ ਪਾਰ ਕਰਦੇ ਸਮੇਂ ਵੱਡੇ ਹਾਦਸੇ ਦਾ ਡਰ ਸਾਹ ਸੁਕਾਈ ਰੱਖਦਾ ਹੈ। ਦਹਾਕਿਆਂ ਤੋਂ ਚੱਲ ਰਹੇ ਇਸ ਸਿਲਸਿਲੇ ਤਹਿਤ ਇਸ ਵਾਰ ਵੀ ਅੱਜ ਪੱਤਣ ਤੇ ਬਣਿਆ ਆਰਜ਼ੀ ਪੁਲ ਚੁੱਕ ਲਿਆ ਗਿਆ ਹੈ। ਇਹ ਸਥਿਤੀ ਪਾਕਿਸਤਾਨ ਨਾਲ਼ ਵੱਸੇ ਆਧੁਨਿਕ ਸੁੱਖ ਸਹੂਲਤਾਂ ਤੋਂ ਸੱਖਣੇ ਲੋਕਾਂ ਲਈ ਹੋਰ ਵੀ ਦਰਦਨਾਕ ਹੁੰਦੀ ਹੈ।
ਆਜ਼ਾਦੀ ਤੋਂ ਬਾਅਦ ਬਿਤਾ ਰਹੇ ਨੇ ਨਰਕ ਭਰੀ ਜ਼ਿੰਦਗੀ
ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸਨ ਪਰ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਪਿੰਡਾ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ। ਜਿਸ ਕਰਕੇ ਕਈ ਲੋਕ ਇਨ੍ਹਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਵਕਤ ਰਾਵੀ ਦਰਿਆ ਤੋਂ ਪਾਰ 14 ਵਿੱਚੋ 7 ਪਿੰਡ ਹੀ ਮੌਜੂਦ ਹਨ। ਇਨ੍ਹਾਂ ਲੋਕਾਂ ਨੂੰ ਵੀ ਰਾਵੀ ਦਰਿਆ’ ਤੇ ਪੱਕਾ ਪੁੱਲ ਨਾ ਹੋਣ ਕਰਕੇ ਕੋਈ ਸੁੱਖ ਸਹੂਲਤ ਨਹੀਂ ਹੈ ਜਿਸ ਕਰਕੇ ਅੱਜ ਵੀ ਦੇਸ਼ ਦੀ ਆਜ਼ਾਦੀ ਇਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ।
ਬਰਸਾਤ ਵਿਚ ਟਾਪੂ ਬਣ ਜਾਂਦੇ ਨੇ 7 ਪਿੰਡ
ਬਰਸਾਤ ਦੇ ਮੌਸਮ ਵਿਚ ਨਹਿਰੀ ਵਿਭਾਗ ਵੱਲੋਂ ਬਣਾਇਆ ਗਿਆ ਪੈਂਟੂਨ ਪੁਲ ਹਰ ਸਾਲ ਚੁੱਕ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਇਕ ਮਾਤਰ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ। ਜੋ ਦਰਿਆ’ਚ ਪਾਣੀ ਦਾ ਪੱਧਰ ਜਿਆਦਾ ਹੋਣ ਕਰਕੇ ਕਈ ਵਾਰ ਨਹੀ ਚੱਲ ਸਕਦੀ ਅਤੇ ਪਾਰ ਵਸਦੇ 7 ਪਿੰਡ ਇਕ ਟਾਪੂ ਬਣ ਜਾਂਦੇ ਹਨ ਤੇ ਫਿਰ ਲੋਕਾ ਦੇ ਆਉਣ ਜਾਣੂ ਦਾ ਕੋਈ ਸਾਧਨ ਨਹੀਂ ਹੁੰਦਾ। ਰਾਵੀ ਦਰਿਆ ਤੋਂ ਪਾਰ ਪੈਂਦੇ 7 ਪਿੰਡ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ, ਲਸਿਆਣ ਆਦਿ ਪਿੰਡਾਂ ਦੇ ਲੋਕ ਅਕਸਰ ਹਰ ਸਾਲ ਸਰਕਾਰ ਤੋਂ ਪੱਕੇ ਪੁਲ ਦੀ ਆਸ ਰੱਖਦੇ ਹਨ ਪਰ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਦਾ। ਇਸ ਮੌਕੇ ਇਲਾਕੇ ਦੇ ਕਿਸਾਨ ਆਗੂ ਸਤਬੀਰ ਸਿੰਘ ਸੁਲਤਾਨੀ,ਚਰਨ ਸਿੰਘ ਸੇਖਾਂ,ਰਵੀ ਕੁਮਾਰ,ਭੁਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਦੇਸ਼ ਦੀ ਅਜਾਦੀ ਤੋਂ ਬਾਅਦ ਮਕੌੜਾ ਪੱਤਣ ਤੋਂ ਪਾਰ 14 ਪਿੰਡ ਸਨ ਪਰ ਇਨ੍ਹਾਂ ਪਿੰਡਾਂ ਦੀ ਕਿਸੇ ਨੇ ਸਾਰ ਨਹੀਂ ਲਈ ਜਿਸ ਕਰਕੇ 14 ਪਿੰਡਾਂ ਵਿਚੋ 7 ਪਿੰਡਾਂ ਦੇ ਲੋਕ ਇਸ ਇਲਾਕੇ ਅਤੇ ਜ਼ਮੀਨਾਂ ਨੂੰ ਛੱਡ ਇਥੋ ਜਾ ਚੁੱਕੇ ਹਨ। ਹੁਣ ਸਿਰਫ 7 ਪਿੰਡ ਹੀ ਮੌਜੂਦ ਹਨ ਜਿਨ੍ਹਾਂ ਦੀ ਆਬਾਦੀ ਪਹਿਲਾ 10 ਹਜ਼ਾਰ ਦੇ ਕਰੀਬ ਸੀ ਪਰ ਹੁਣ 2500 ਦੇ ਕਰੀਬ ਹੈ। ਕਈ ਸਰਕਾਰਾਂ ਆਈਆਂ ਪਰ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਰਾਵੀ ਦਰਿਆ ਤੇ ਪੱਕਾ ਪੁੱਲ ਬਨਾਉਣ ਲਈ ਕਈਆਂ ਨੇ ਵਾਅਦੇ ਕੀਤੇ ਪਰ ਪੂਰਾ ਕਿਸੇ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹਨਾਂ ਪਿੰਡਾ ਦੇ ਲੋਕਾਂ ਦੀ ਇੱਕੋ ਮੰਗ ਹੈ ਕਿ ਇਸ ਜਗ੍ਹਾ’ ਤੇ ਪੱਕਾ ਪੁੱਲ ਬਣਾਇਆ ਜਾਵੇ ਤਾਂ ਜੋ ਇਹ ਲੋਕ ਵੀ ਆਪਣੇ ਆਪ ਨੂੰ ਭਾਰਤ ਦੇਸ਼ ਦਾ ਹਿੱਸਾ ਸਮਝ ਸਕਣ।
URL Copied