Punjab

ਹੱਕੀ ਮੰਗਾਂ ਖ਼ਾਤਿਰ ਮਰਨ ਵਰਤ ’ਤੇ ਬੈਠੇ ਅਧਿਆਪਕ ਨੂੰ ਜ਼ਬਰੀ ਚੁੱਕਣ ਦੀ ਕੰਪਿਊਟਰ ਅਧਿਆਪਕਾਂ ਵਲੋਂ ਸਖ਼ਤ ਨਿੰਦਾ

ਫ਼ਿਰੋਜ਼ਪੁਰ, 5 ਜਨਵਰੀ (ਜਸਵਿੰਦਰ ਸਿੰਘ ਸੰਧੂ)–  ਪੰਜਾਬ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਨਾਮ ’ਤੇ ਬਣੀ ਸੂਬਾ ਸਰਕਾਰ ਆਪਣੇ ਨਿਯੁਕਤੀ ਪੱਤਰ ਵਿੱਚ ਕੀਤੇ ਗਏ ਲਿਖ਼ਤੀ ਵਾਅਦੇ ਨੂੰ ਲਾਗੂ ਕਰਵਾਉਣ ਲਈ 14 ਸਾਲਾਂ ਤੋਂ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਤੇ ਜ਼ਬਰ ਦੀਆਂ ਹੱਦਾਂ ਪਾਰ ਕਰ ਰਹੀ ਹੈ, ਜੋ ਅਤਿ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਦਵਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਸਕੱਤਰ ਰਵੀਇੰਦਰ ਸਿੰਘ ਗਿੱਲ ਨੇ ਕਰਦਿਆਂ ਦੱਸਿਆ ਕਿ ਬੀਤੀ ਦਿਨ ਸੰਗਰੂਰ ਵਿਖੇ ਪਿਛਲੇ 14 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕੰਪਿਊਟਰ ਅਧਿਆਪਕ ਆਗੂ ਜੋਨੀ ਸਿੰਗਲਾ ਅਤੇ ਸਾਥੀਆਂ ਨੂੰ ਧਰਨਾ ਸਥਾਨ ਤੋਂ ਪੁਲਿਸ ਵਲੋਂ ਜਬਰੀ ਚੁੱਕਿਆ ਗਿਆ ਹੈ, ਜਿਸ ਦਾ ਕੰਪਿਊਟਰ ਅਧਿਆਪਕ ਯੂਨੀਅਅਨ ਪੰਜਾਬ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ। ਅਧਿਆਪਕ ਆਗੂ ਦਵਿੰਦਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਜਨਰਲ ਸਕੱਤਰ ਰਵੀਇੰਦਰ ਸਿੰਘ ਗਿੱਲ, ਜੁਆਇੰਟ ਸਕੱਤਰ ਗਗਨਦੀਪ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਸਰਬਜੋਤ ਸਿੰਘ ਮੁੱਤੀ, ਵਿੱਤ ਸਕੱਤਰ ਸੰਜੀਵ ਕੁਮਾਰ ਅਤੇ ਸਤਨਾਮ ਸਿੰਘ ਧੰਜੂ ਤਹਿਸੀਲ ਪ੍ਰਧਾਨ ਜ਼ੀਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹਰ ਅੰਦੋਲਨ ਨੂੰ ਲਾਠੀਆਂ ਨਾਲ ਜ਼ਬਰੀ ਦਬਾਉਣਾ ਚਾਹੁੰਦੀ ਹੈ। ਇਸ ਮੌਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੀਡੀਆ ਸਕੱਤਰ ਸਤੀਸ਼ ਕੁਮਾਰ ਨੇ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਵਿਚ ਮਰਜ਼ ਹੋਣ ਲਈ ਅੰਦੋਲਨ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਸਾਰੇ ਲਾਭਾਂ ਅਤੇ ਭੱਤਿਆਂ ਸਮੇਤ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਬੇਸ਼ੱਕ ਸਤੰਬਰ 2022 ਅਤੇ ਬਾਅਦ ਵਿੱਚ ਅਨੇਕਾਂ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਖ਼ਬਾਰਾਂ, ਸੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਮੰਚਾਂ ’ਤੇ ਕੰਪਿਊਟਰ ਅਧਿਆਪਕਾਂ ਨੁੰ ਦੀਵਾਲੀ ਦੇ ਮੌਕੇ ’ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ, ਜੋ 3 ਸਾਲ ਬੀਤ ਜਾਣ ਉਪਰੰਤ ਵੀ ਪੂਰਾ ਨਹੀਂ ਕੀਤਾ ਗਿਆ।ਜ਼ਿਕਰਯੋਗ ਹੈ ਕਿ ਜੁਲਾਈ 2011 ਨੂੰ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਸੇਵਾਵਾਂ ਤਹਿਤ ਰੈਗੂਲਰ ਕੀਤਾ ਗਿਆ ਹੈ, ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਪੂਰਨ ਤੌਰ ’ਤੇ ਕੰਪਿਊਟਰ ਅਧਿਆਪਕਾਂ ’ਤੇ ਲਾਗੂ ਨਹੀਂ ਕੀਤਾ ਗਿਆ। ਜੇਕਰ ਪੰਜਾਬ ਸਰਕਾਰ 7 ਜਨਵਰੀ ਨੂੰ ਯੂਨੀਅਨ ਦੀ ਸਰਕਾਰ ਨਾਲ ਹੋਣ ਵਾਲੀ ਮੀਟਿੰਗ ’ਚ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਲੈ ਆਉਂਦੀ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਹਰ ਮੰਚ ’ਤੇ ਕੰਪਿਊਟਰ ਅਧਿਆਪਕਾਂ ਦੇ ਜ਼ਬਰਦਸਤ ਰੋਹ ਦਾ ਸਾਹਮਣਾ ਝੱਲਣ ਲਈ ਤਿਆਰ ਰਹੇ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸ਼ਮਸ਼ੇਰ ਸਿੰਘ ਗਿੱਲ, ਰੋਹਿਤ ਸ਼ਰਮਾ, ਹਰਪਾਲ ਸਿੰਘ, ਮਿਸਾਲ ਧਵਨ,  ਸਤਨਾਮ ਸਿੰਘ, ਅਜੈ ਕੁਮਾਰ ਗੁਰਵਿੰਦਰ ਸਿੰਘ, ਅਸ਼ਵਨੀ ਕੁਮਾਰ, ਵਿਕਾਸ ਕੁਮਾਰ, ਗੁਲਸ਼ਨ ਕੁਮਾਰ, ਜੋਤ ਸਰੂਪ ਸਿੰਘ, ਹਰਪ੍ਰੀਤ ਸਿੰਘ, ਜਗਦੀਪ ਸਿੰਘ, ਕਿਰਨਦੀਪ ਕੌਰ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਸੋਨੂੰ, ਅੰਜੂ ਬਾਲਾ, ਵੰਦਨਾ, ਕਮਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button