ਈਰਾਨ-ਇਜ਼ਰਾਈਲ ਜੰਗ ਦੌਰਾਨ ਅੰਮ੍ਰਿਤਸਰ ਤੋਂ ਸ਼ਾਰਜਾਹ ਜਾ ਰਹੀ ਇੰਡੀਗੋ ਫਲਾਈਟ ਨੂੰ ਨਹੀਂ ਮਿਲੀ ਲੈਂਡਿੰਗ ਦੀ ਇਜਾਜ਼ਤ; 180 ਯਾਤਰੀ ਪਰਤੇ

ਅੰਮ੍ਰਿਤਸਰ, 1 ਮਾਰਚ : ਈਰਾਨ ਤੇ ਇਜ਼ਰਾਈਲ ਵਿਚਕਾਰ ਜਾਰੀ ਤਣਾਅ ਦਾ ਅਸਰ ਹੁਣ ਸੰਯੁਕਤ ਅਰਬ ਅਮੀਰਾਤ (UAE) ਦੀਆਂ ਹਵਾਈ ਸੇਵਾਵਾਂ ‘ਤੇ ਵੀ ਦਿਖਣ ਲੱਗਾ ਹੈ। ਇਸੇ ਲੜੀ ‘ਚ ਅੰਮ੍ਰਿਤਸਰ ਤੋਂ ਦੁਬਈ ਘੁੰਮਣ ਗਏ ਯਾਤਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਾਰਜਾਹ ਹਵਾਈ ਅੱਡੇ ‘ਤੇ ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਇੰਡੀਗੋ ਦੀ ਫਲਾਈਟ ਨੂੰ ਆਖਰਕਾਰ ਅੰਮ੍ਰਿਤਸਰ ਵਾਪਸ ਪਰਤਣਾ ਪਿਆ। ਜਾਣਕਾਰੀ ਅਨੁਸਾਰ ਸ੍ਰੀ ਗੋਵਿੰਦ ਯਾਤਰਾ ਸੇਵਾ ਪਰਿਵਾਰ ਵੱਲੋਂ 20 ਯਾਤਰੀਆਂ ਦਾ ਜਥਾ ਦੁਬਈ ਸੈਰ ਲਈ ਸ਼ਨੀਵਾਰ ਸਵੇਰੇ 11:45 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਇੰਡੀਗੋ ਦੀ ਫਲਾਈਟ ਨੰਬਰ 6E 1427 ਰਾਹੀਂ ਰਵਾਨਾ ਹੋਇਆ ਸੀ। ਜਹਾਜ਼ ‘ਚ ਕੁੱਲ 180 ਯਾਤਰੀ ਸਵਾਰ ਸਨ। ਦੁਪਹਿਰ ਲਗਪਗ 3:30 ਵਜੇ ਜਹਾਜ਼ ਸ਼ਾਰਜਾਹ ਹਵਾਈ ਅੱਡੇ ਦੇ ਉੱਪਰ ਪਹੁੰਚਿਆ, ਪਰ ਉੱਥੋਂ ਦੇ ਹਾਲਾਤ ਠੀਕ ਨਾ ਹੋਣ ਕਾਰਨ ਲੈਂਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਕਾਫੀ ਸਮਾਂ ਅਸਮਾਨ ‘ਚ ਲਾਉਂਦਾ ਰਿਹਾ ਗੇੜੇ
ਜਥੇ ‘ਚ ਸ਼ਾਮਲ ਮੁੱਖ ਸੇਵਾਦਾਰ ਰਿੰਕੂ ਬਟਵਾਲ ਨੇ ਦੱਸਿਆ ਕਿ ਜਹਾਜ਼ ਕੁਝ ਸਮੇਂ ਤਕ ਅਸਮਾਨ ‘ਚ ਚੱਕਰ ਕੱਟਦਾ ਰਿਹਾ। ਬਾਅਦ ‘ਚ ਸੂਚਨਾ ਦਿੱਤੀ ਗਈ ਕਿ ਜਹਾਜ਼ ਨੂੰ ਮੁੰਬਈ ਵੱਲ ਡਾਇਵਰਟ ਕੀਤਾ ਜਾ ਰਿਹਾ ਹੈ, ਪਰ ਉੱਥੇ ਵੀ ਉਤਰਨ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਅਹਿਮਦਾਬਾਦ ਤੇ ਫਿਰ ਸੂਰਤ ਹਵਾਈ ਅੱਡੇ ਵੱਲ ਰੁਖ਼ ਕੀਤਾ ਗਿਆ। ਖਰਕਾਰ ਯਾਤਰੀਆਂ ਨੂੰ ਸੂਰਤ ‘ਚ ਕੁਝ ਸਮੇਂ ਲਈ ਰੋਕਿਆ ਗਿਆ, ਜਿੱਥੇ ਭੋਜਨ ਦੀ ਵਿਵਸਥਾ ਕੀਤੀ ਗਈ। ਸ਼ਾਮ ਕਰੀਬ 6:30 ਵਜੇ ਫਲਾਈਟ ਨੂੰ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ ਅਤੇ ਰਾਤ ਕਰੀਬ 7:45 ਵਜੇ ਸਾਰੇ ਯਾਤਰੀ ਸੁਰੱਖਿਅਤ ਵਾਪਸ ਪਹੁੰਚ ਗਏ।
ਕਈ ਲੋਕ ਸ਼ਾਰਜਾਹ ‘ਚ ਫਸੇ
ਦੁਬਈ ਯਾਤਰਾ ਦੇ ਤਹਿਤ ਯਾਤਰੀਆਂ ਦੀ ਯੋਜਨਾ ਅਬੂ ਧਾਬੀ ਸਥਿਤ ਸਵਾਮੀ ਨਾਰਾਇਣ ਮੰਦਿਰ ਦੇ ਦਰਸ਼ਨ ਕਰਨ ਦੇ ਨਾਲ-ਨਾਲ ਬੁਰਜ ਖਲੀਫਾ, ਡੈਜ਼ਰਟ ਸਫਾਰੀ, ਦੁਬਈ ਮਾਲ ਅਤੇ ਹੋਰ ਪ੍ਰਮੁੱਖ ਸਥਾਨਾਂ ਦਾ ਦੌਰਾ ਕਰਨ ਦੀ ਸੀ। ਇਹ ਯਾਤਰਾ 4 ਮਾਰਚ ਤਕ ਨਿਰਧਾਰਤ ਸੀ, ਪਰ ਮੌਜੂਦਾ ਹਾਲਾਤ ਕਾਰਨ ਰੱਦ ਕਰਨੀ ਪਈ। ਯਾਤਰੀਆਂ ਸੰਜੀਵ ਕੁਮਾਰ ਹਾਂਡਾ, ਸਤੀਸ਼ ਕੁਮਾਰ, ਰਾਕੇਸ਼ ਬਹਿਲ ਅਤੇ ਹੋਰਾਂ ਨੇ ਕਿਹਾ ਕਿ ਉਹ ਸੁਰੱਖਿਅਤ ਪਰਤਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਰਿੰਕੂ ਬਟਵਾਲ ਨੇ ਦੱਸਿਆ ਕਿ ਸੰਸਥਾ ਪਿਛਲੇ ਅੱਠ ਸਾਲਾਂ ਤੋਂ ਧਾਰਮਿਕ ਯਾਤਰਾਵਾਂ ਕਰਵਾ ਰਹੀ ਹੈ ਅਤੇ ਜਲਦੀ ਹੀ ਸ੍ਰੀਲੰਕਾ ‘ਚ ਰਾਮਾਇਣ ਅਧਾਰਤ ਯਾਤਰਾ ਅਤੇ ਸਤੰਬਰ 2026 ਵਿੱਚ ਜਯੋਤੀਲਿੰਗ, ਸ਼ਿਰਡੀ ਅਤੇ ਸ਼ਨੀ ਸ਼ਿੰਗਣਾਪੁਰ ਯਾਤਰਾ ਦਾ ਪ੍ਰਬੰਧ ਕਰੇਗੀ।ਉਨ੍ਹਾਂ ਦੱਸਿਆ ਕਿ ਇਕ ਹੋਰ ਸੰਸਥਾ ਦਾ ਜਥਾ ਸ਼ਾਰਜਾਹ ‘ਚ ਫਸਿਆ ਹੋਇਆ ਹੈ, ਜਿੱਥੇ ਹਵਾਈ ਅੱਡੇ ਅਸਥਾਈ ਤੌਰ ‘ਤੇ ਬੰਦ ਹਨ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਫਿਲਹਾਲ ਯਾਤਰਾ ਤੋਂ ਪਹਿਲਾਂ ਏਅਰਲਾਈਨ ਤੋਂ ਸਥਿਤੀ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ।



