Punjab

ਮਾਂ ਨੂੰ ਦਵਾਈ ਦਿਵਾਉਣ ਜਾਣ ਬਹਾਨੇ ਕਿਰਾਏ ’ਤੇ ਕੀਤੀ ਡਿਜ਼ਾਈਰ ਗੱਡੀ ਖੋਹ ਕੇ ਦੋ ਜਣੇ ਫ਼ਰਾਰ

ਤਰਨਤਾਰਨ, 22 ਜੁਲਾਈ : ਤਰਨਤਾਰਨ ਦੇ ਬੱਸ ਅੱਡੇ ਕੋਲ ਸਥਿਤ ਟੈਕਸੀ ਸਟੈਂਡ ਤੋਂ ਸੋਮਵਾਰ ਸਵੇਰੇ ਕਰੀਬ ਸਵਾ ਗਿਆਰਾਂ ਵਜੇ ਦੋ ਲੋਕ ਮਾਂ ਦੀ ਦਵਾਈ ਲੈਣ ਜਾਣ ਦੇ ਨਾਂ ’ਤੇ ਸਵਿਫਟ ਡਿਜ਼ਾਈਰ ਗੱਡੀ ਕਿਰਾਏ ’ਤੇ ਲੈ ਕੇ ਗਏ ਤੇ ਰਸਤੇ ’ਚ ਹੀ ਚਾਲਕ ਦੇ ਗਲੇ ’ਚ ਕੱਪੜਾ ਪਾ ਕੇ ਉਸ ਕੋਲੋਂ ਗੱਡੀ ਖੋਹ ਲਈ। ਇੰਨਾ ਹੀ ਨਹੀਂ ਉਕਤ ਵਿਅਕਤੀ ਉਸਦਾ ਪਰਸ ਤੇ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਪੀੜਤ ਵਿਅਕਤੀ ਨੇ ਥਾਣਾ ਸਿਟੀ ਤਰਨਤਾਰਨ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦੂਜੇ ਪਾਸੇ ਉਕਤ ਘਟਨਾ ਨਾਲ ਟੈਕਸੀ ਦਾ ਕਾਰੋਬਾਰ ਕਰਨ ਵਾਲੇ ਲੋਕਾਂ ’ਚ ਸਹਿਮ ਬਣ ਗਿਆ ਹੈ। ਤਰਸੇਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੁਹੱਲਾ ਨਾਨਕਸਰ ਤਰਨਤਾਰਨ ਨੇ ਦੱਸਿਆ ਕਿ ਉਸ ਕੋਲ ਪੀਬੀ46 ਏਐੱਫ 3231 ਨੰਬਰ ਦੀ ਸਵਿਫਟ ਡਿਜ਼ਾਈਰ ਗੱਡੀ ਹੈ, ਜੋ ਉਸ ਦੇ ਲੜਕੇ ਇੰਦਰਪ੍ਰੀਤ ਸਿੰਘ ਦੇ ਨਾਂ ’ਤੇ ਹੈ। ਉਹ ਸੋਮਵਾਰ ਸਵੇਰੇ ਕਰੀਬ ਸਵਾ 11 ਵਜੇ ਬੱਸ ਅੱਡਾ ਤਰਨਤਾਰਨ ਦੇ ਕੋਲ ਆਪਣੀ ਗੱਡੀ ਨੂੰ ਸਾਫ ਕਰ ਰਿਹਾ ਸੀ ਕਿ ਉਸਦੇ ਕੋਲ ਦੋ ਵਿਅਕਤੀ ਆਏ, ਜਿਨ੍ਹਾਂ ਨੇ ਆਪਣੀ ਮਾਤਾ ਨੂੰ ਦਵਾਈ ਦਿਵਾਉਣ ਲਈ ਬਿਆਸ ਲੈ ਕੇ ਜਾਣ ਬਾਰੇ ਕਿਹਾ। ਉਕਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਠਰੂ ਪਿੰਡ ਦੀਆਂ ਬਹਿਕਾਂ ਕੋਲੋਂ ਮਾਤਾ ਨੂੰ ਲੈਣ ਦੀ ਗੱਲ ਕਹੀ ਤੇ ਉਹ ਉਨ੍ਹਾਂ ਨੂੰ ਗੱਡੀ ’ਚ ਬਿਠਾ ਕੇ ਚੱਲ ਪਿਆ। ਜਦੋਂ ਉਹ ਮਮਤਾ ਨਿਕੇਤਨ ਸਕੂਲ ਕਾਜੀਕੋਟ ਪਿੰਡ ਨੇੜੇ ਪੁੱਜਾ ਤਾਂ ਉਕਤ ਲੋਕਾਂ ਨੇ ਉਸ ਦੇ ਗਲੇ ’ਚ ਪਰਨਾ (ਕੱਪੜਾ) ਪਾ ਲਿਆ ਅਤੇ ਉਸ ਕੋਲੋਂ ਗੱਡੀ ਖੋਹ ਲਈ। ਜਦੋਂਕਿ ਉਸ ਦਾ ਪਰਸ ਜਿਸ ਵਿਚ ਡਰਾਈਵਿੰਗ ਲਾਇਸੰਸ, ਆਧਾਰ ਕਾਰਡ ਅਤੇ ਕਰੀਬ 600 ਰੁਪਏ ਦੀ ਨਕਦੀ ਸੀ ਦੇ ਨਾਲ-ਨਾਲ ਉਸਦਾ ਰੈੱਡਮੀ ਕੰਪਨੀ ਦਾ ਫੋਨ ਜਿਸ ਵਿਚ 98153-13132 ਨੰਬਰ ਚੱਲਦਾ ਸੀ ਵੀ ਖੋਹ ਲਿਆ ਤੇ ਝਬਾਲ ਰੋਡ ਵੱਲ ਭੱਜ ਗਏ। ਪੀੜਤ ਨੇ ਦੱਸਿਆ ਕਿ ਦਿਨ ਦਿਹਾੜੇ ਵਾਪਰੀ ਉਕਤ ਘਟਨਾ ਸਬੰਧੀ ਉਸ ਨੇ ਥਾਣਾ ਸਿਟੀ ਤਰਨਤਾਰਨ ਵਿਖੇ ਸ਼ਿਕਾਇਤ ਦੇ ਦਿੱਤੀ ਹੈ। ਦੂਜੇ ਪਾਸੇ ਪੁਲਿਸ ਦੀ ਮੰਨੀਏ ਤਾਂ ਉਕਤ ਸ਼ਿਕਾਇਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਗੱਡੀ ਖੋਹੇ ਜਾਣ ਦੀ ਘਟਨਾ ਤੋਂ ਬਾਅਦ ਟੈਕਸੀ ਚਾਲਕਾਂ ਦੇ ਮਨਾਂ ’ਚ ਡਰ ਬਣ ਗਿਆ ਹੈ। ਇਸ ਮੌਕੇ ਅੱਡੇ ’ਤੇ ਮੌਜੂਦ ਟੈਕਸੀ ਚਾਲਕਾਂ ਜਤਿੰਦਰ ਸਿੰਘ, ਕੁਲਵੰਤ ਸਿੰਘ, ਜਰਮਨਜੀਤ ਸਿੰਘ, ਜਗਤਾਰ ਸਿੰਘ, ਮਲਕੀਅਤ ਸਿੰਘ ਆਦਿ ਨੇ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦਿਆਂ ਕਾਰ ਖੋਹਣ ਵਾਲਿਆਂ ਨੂੰ ਗ੍ਰਿਫਤਾਰ ਕਰੇ ਤਾਂ ਜੋ ਤਰਸੇਮ ਸਿੰਘ ਦੇ ਨੁਕਸਾਨ ਦੀ ਭਰਪਾਈ ਹੋ ਸਕੇ।

Related Articles

Leave a Reply

Your email address will not be published. Required fields are marked *

Back to top button