
ਮਾਨਸਾ, 4 ਫਰਵਰੀ : ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਜਿਹੜੀਆਂ ਸੜਕਾਂ ਅਤੇ ਹਾਈਵੇਜ਼ ‘ਤੇ ਸਕੂਲ ਸਥਿਤ ਹਨ, ਉਥੇ ਟਿੱਪਰਾਂ ਦੀ ਆਵਾਜਾਈ ਰੋਕਣ ਦਾ ਸਮਾਂ ਤੈਅ ਕੀਤਾ ਗਿਆ ਹੈ। ਇਹ ਸਮਾਂ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ, ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ – 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਵੇਰੇ 07:30 ਵਜੇ ਤੋਂ 09:30 ਅਤੇ ਬਾਅਦ ਦੁਪਹਿਰ 02:45 ਵਜੇ ਤੋਂ 04:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਇਹ ਹੁਕਮ ਸਕੂਲਾਂ ਵਿਚ ਛੁੱਟੀ ਵਾਲੇ ਦਿਨ ਲਾਗੂ ਨਹੀਂ ਹੋਣਗੇ। ਇਹ ਹੁਕਮ ਚੇਅਰਮੈਨ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਪੱਤਰ ਦੇ ਬਾਅਦ ਲਾਗੂ ਕੀਤੇ ਗਏ ਹਨ। ਪੱਤਰ ਵਿੱਚ ਲਿਖਿਆ ਹੈ ਕਿ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਜਿੰਨ੍ਹਾਂ ਸੜਕਾਂ ‘ਤੇ ਸਕੂਲ ਸਥਿਤ ਹਨ, ਉਨ੍ਹਾਂ ਸਕੂਲਾਂ ਦੇ ਖੁੱਲ੍ਹਣ ਅਤੇ ਛੁੱਟੀ ਸਮੇਂ ਟਿੱਪਰਾਂ ਦੇ ਲੰਘਣ ਦਾ ਸਮਾਂ ਨਿਰਧਾਰਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਕੋਈ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ। ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ ਕੋਲੋਂ ਜ਼ਿਲ੍ਹਾ ਮਾਨਸਾ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ ਮਿਡਲ/ ਹਾਈ/ ਸੀਨੀਅਰ ਸੈਕੰਡਰੀ ਸਕੂਲਾਂ ਦੇ ਖੁੱਲ੍ਹਣ ਅਤੇ ਬੰਦ ਦੇ ਸਮੇਂ ਅਨੁਸਾਰ ਟਿੱਪਰਾਂ ਦੀ ਆਵਾਜਾਈ ਨਿਰਧਾਰਤ ਕਰਨ ਸਬੰਧੀ ਰਿਪੋਰਟ ਪ੍ਰਾਪਤ ਕੀਤੀ ਗਈ ਹੈ। ਇਹ ਹੁਕਮ 28 ਫਰਵਰੀ 2026 ਤੱਕ ਲਾਗੂ ਰਹੇਗਾ।



