
ਐਸਏਐਸ ਨਗਰ, 4 ਫਰਵਰੀ: ਬੀਤੀ 28 ਜਨਵਰੀ ਨੂੰ ਜ਼ਿਲ੍ਹਾ ਅਦਾਲਤ ਮੋਹਾਲੀ ਦੇ ਬਾਹਰ ਪੇਸ਼ੀ ਭੁਗਤਣ ਆਏ ਇੱਕ ਵਿਅਕਤੀ ਗੁਰਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਹੱਤਿਆ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਗੋਲਡੀ ਬਰਾੜ ਵੱਲੋਂ ਲਈ ਗਈ ਸੀ। ਉਸ ਮਾਮਲੇ ਵਿੱਚ ਕਾਤਲਾਂ ਦੀ ਮਦਦ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੁਰਵਿੰਦਰ ਗੈਰੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਕਾਤਲ ਮੋਟਰਸਾਈਕਲ ‘ਤੇ ਭੱਜੇ ਸਨ ਅਤੇ ਇੱਥੋਂ ਕੁਝ ਦੂਰੀ ‘ਤੇ ਜਾ ਕੇ ਉਨ੍ਹਾਂ ਨੇ ਮੋਟਰਸਾਈਕਲ ਛੱਡ ਦਿੱਤਾ ਅਤੇ ਇੰਨਾ ਵਿਅਕਤੀਆਂ ਨੇ ਸ਼ੂਟਰਾਂ ਨੂੰ ਕਾਰ ਮੁਹੱਈਆ ਕਰਵਾਈ ਸੀ। ਉਸ ਦਿਨ ਤੋਂ ਹੀ ਪੁਲਿਸ ਕਾਤਲਾਂ ਦਾ ਪਿੱਛਾ ਕਰਦੀ ਹੋਈ ਇਨਾਂ ਵਿਅਕਤੀਆਂ ਤੱਕ ਪਹੁੰਚੀ ਅਤੇ ਰਾਜਸਥਾਨ ਅਤੇ ਫਾਜ਼ਿਲਕਾ ਪੁਲਿਸ ਦੀ ਮਦਦ ਨਾਲ ਬਲਤੇਜ ਸਿੰਘ ਉਰਫ ਬੰਟੀ ਫਰੀਦਕੋਟ ਅਤੇ ਮੰਗਤ ਸਿੰਘ ਉਰਫ ਮੈਕਸ ਫਾਜ਼ਿਲਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਕਾਰ ਬਰਾਮਦ ਕਰ ਲਈ ਹੈ। ਐਸਐਸਪੀ ਨੇ ਕਿਹਾ ਕਿ ਇਸ ਕਤਲ ਮਾਮਲੇ ਵਿੱਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਤੇ ਵਿੱਕੀ ਸਿੰਘ ਉਰਫ ਵਿੱਕੀ ਸੱਟੇ ਵਾਲਾ ਅਤੇ ਰਵੀ ਕੁਮਾਰ ਉਰਫ ਰਵੀ ਫਰੀਦਕੋਟੀਆ ਅਤੇ ਦੋ ਸ਼ੂਟਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਐਸਐਸਪੀ ਨੇ ਕਿਹਾ ਕਿ ਕਾਤਲਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।



