ਪਹਿਲਾ ਬਲਦੇਵ ਸਿੰਘ ਸੰਧੂ ਯਾਦਗਰੀ ਬਾਸਕਿਟ ਬਾਲ ਟੂਰਨਾਮੈਂਟ ਸਮਾਪਤ
ਫ਼ਿਰੋਜ਼ਪੁਰ ਦੇ ਮੁੰਡਿਆਂ ਅਤੇ ਪਟਿਆਲਾ ਦੀਆਂ ਕੁੜੀਆਂ ਨੇ ਜਿੱਤਿਆ ਕੱਪ

ਜਸਵਿੰਦਰ ਸਿੰਘ ਸੰਧੂ
ਫਿਰੋਜ਼ਪੁਰ, 3 ਫ਼ਰਵਰੀ : ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਚੱਲ ਰਿਹਾ ਪਹਿਲਾਂ ਸਵਰਗੀ ਬਲਦੇਵ ਸਿੰਘ ਸੰਧੂ ਯਾਦਗਾਰੀ ਓਪਨ ਬਾਸਕਿਟਬਾਲ ਟੂਰਨਾਮੈਂਟ ਬੀਤੀ ਸ਼ਾਮ ਮਿੱਠੀਆਂ ਯਾਦਾਂ ਬਿਖੇਰਦਾ ਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ। ਲੜਕੇ ਅਤੇ ਲੜਕੀਆਂ ਦੀਆਂ 8-8 ਟੀਮਾਂ ਦੀ ਭਾਗੀਦਾਰੀ ਵਾਲੇ ਇਸ ਦੋ ਦਿਨਾਂ ਟੂਰਨਾਮੈਂਟ ਦਾ ਉਦਘਾਟਨ ਜਸਵਰਿੰਦਰ ਸਿੰਘ ਸਿੱਧੂ ਡੀਐੱਸਪੀ ਧਰਮਕੋਟ ਨੇ ਕੀਤਾ ਜਦੋਂ ਕਿ ਸਮਾਪਤੀ ਮੌਕੇ ਓਲੰਪੀਅਨ ਧਰਮਵੀਰ ਸਿੰਘ ਐੱਸ ਪੀ (ਐੱਚ) ਫਿਰੋਜ਼ਪੁਰ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਪਹੁੰਚੇ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਕੱਤਰ ਅਮਰੀਕ ਸਿੰਘ ਸਿੱਧੂ ਤੇ ਸੁਖਬੀਰ ਸਿੰਘ ਸੰਧੂ (ਐਨਆਰਆਈ) ਨੇ ਦੱਸਿਆ ਕਿ ਲੜਕਿਆਂ ਦੀਆਂ ਟੀਮਾਂ ਵਿਚ ਸ਼ਹੀਦ ਭਗਤ ਸਿੰਘ ਕਲੱਬ, ਸ਼ਹੀਦ ਰਾਜਗੁਰੂ ਕਲੱਬ, ਸ਼ਹੀਦ ਸੁਖਦੇਵ ਕਲੱਬ, ਆਰਮੀ ਪਬਲਿਕ ਸਕੂਲ, ਪਟਿਆਲਾ ਕਲੱਬ ਪਟਿਆਲਾ, ਪਿੰਡੀ ਕਲੱਬ ਗੁਰੂ ਹਰਸਹਾਏ, ਡੀਸੀਐੱਮ ਸਕੂਲ ਕਲੱਬ, ਆਰ ਐਸ ਡੀ ਰਾਜ ਰਤਨ ਕਲੱਬ ਜਦੋਂ ਕਿ ਲੜਕੀਆਂ ਵਿਚ ਬਾਬਾ ਫਰੀਦ ਕਲੱਬ ਕੋਟਕਪੂਰਾ, ਪਿੰਡੀ ਕਲੱਬ ਗੁਰੂ ਹਰਸਹਾਏ, ਡੀਸੀਐੱਮ ਸਕੂਲ, ਪਟਿਆਲਾ ਕਲੱਬ ਪਟਿਆਲਾ, ਆਰਐੱਸਡੀ ਰਾਜ ਰਤਨ ਕਲੱਬ, ਸ਼ਹੀਦ ਭਗਤ ਸਿੰਘ ਕਲੱਬ ਫ਼ਿਰੋਜ਼ਪੁਰ, ਸ਼ਹੀਦ ਰਾਜਗੁਰੂ ਕਲੱਬ ਅਤੇ ਦਸ਼ਮੇਸ਼ ਕਲੱਬ ਮਲੋਟ ਦੀਆਂ ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਪਟਿਆਲਾ ਕਲੱਬ ਪਟਿਆਲਾ ਅਤੇ ਦਸ਼ਮੇਸ਼ ਕਲੱਬ ਮਲੋਟ ਦੀਆਂ ਟੀਮਾਂ ਵਿਚਾਲੇ ਹੋਏ ਫਸਵੇਂ ਫਾਈਨਲ ਮੈਚ ਵਿਚ ਪਟਿਆਲਾ ਕਲੱਬ ਦੀਆਂ ਮੁਟਿਆਰਾਂ ਪਹਿਲੇ ਸਥਾਨ, ਦਸ਼ਮੇਸ਼ ਕਲੱਬ ਮਲੋਟ ਦੂਜੇ ਤੇ 43 ਬਾਬਾ ਫ਼ਰੀਦ ਕਲੱਬ ਕੋਟਕਪੂਰਾ ਤੀਜੇ ਸਥਾਨ ‘ਤੇ ਰਹੀਆਂ। ਦੇਰ ਸ਼ਾਮ ਤੱਕ ਚੱਲੇ ਲੜਕਿਆਂ ਦੇ ਫਾਈਨਲ ਮੈਚ ਵਿਚ ਸ਼ਹੀਦ ਸੁਖਦੇਵ ਕਲੱਬ ਨੇ ਸ਼ਹੀਦ ਭਗਤ ਸਿੰਘ ਕਲੱਬ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪਟਿਆਲਾ ਕਲੱਬ ਪਟਿਆਲਾ ਦੇ ਗੱਭਰੂ ਤੀਜੇ ਸਥਾਨ ‘ਤੇ ਰਹੇ। ਸੁਖਬੀਰ ਸਿੰਘ ਸੰਧੂ (ਐਨਆਰਆਈ) ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਬਲਦੇਵ ਸਿੰਘ ਸੰਧੂ ਨੂੰ ਖੇਡਾਂ ਖਾਸ ਕਰ ਬਾਸਕਿਟਬਾਲ ਨਾਲ ਦਿਲੀ ਪਿਆਰ ਸੀ ਅਤੇ ਆਪਣੇ ਪਿਤਾ ਜੀ ਦੀ ਇਸ ਚਾਹਤ ਨੂੰ ਉਨ੍ਹਾਂ ਵਲੋਂ ਆਪਣੇ ਪਰਿਵਾਰ ਅਤੇ ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਹਿਯੋਗ ਸਾਕਾਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਸਾਲ ਆਪਣੇ ਸਵਰਗੀ ਪਿਤਾ ਜੀ ਦੀ ਯਾਦ ਵਿਚ ਇਹ ਟੂਰਨਾਮੈਂਟ ਕਰਵਾਉਣਗੇ। ਉਨ੍ਹਾਂ ਉਮੀਦ ਜਤਾਈ ਕਿ ਅਗਲੇ ਸਾਲ ਤੋਂ ਭਾਗ ਲੈਣ ਵਾਲੀਆਂ ਟੀਮਾਂ ਲਈ ਹੋਰ ਵੀ ਦਿਲਖਿੱਚਵੇਂ ਇਨਾਮ ਰੱਖੇ ਜਾਣਗੇ। ਇਸ ਮੌਕੇ ਸਵਰਗੀ ਬਲਦੇਵ ਸਿੰਘ ਦੇ ਧਰਮਪਤਨੀ ਮਾਤਾ ਅਮਰਜੀਤ ਕੌਰ, ਬੇਟੀਆਂ ਸੁਖਬੀਰ ਕੌਰ ਤੇ ਹਰਬੀਰ ਕੌਰ, ਸਤਵਿੰਦਰ ਸਿੰਘ ਪੌਪ ਬਾਠ ਤੇ ਗੁਰਕੀਰਤ ਸਿੰਘ ਜਵਾਈ, ਦੋਹਤਾ ਸਚਕੀਰਤ ਸਿੰਘ, ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘਲ, ਸਕੱਤਰ ਅਮਰੀਕ ਸਿੰਘ ਸਿੱਧੂ, ਕੈਸ਼ੀਅਰ ਭੁਪਿੰਦਰ ਸਿੰਘ, ਇੰਸਪੈਕਟਰ ਨਵੀਨ ਕੁਮਾਰ, ਅਮਨਦੀਪ ਹਸਪਤਾਲ ਦੇ ਡਾ: ਅਭਿਸ਼ੇਕ ਅਰੋੜਾ, ਹਾਕੀ ਕੋਚ ਮਨਮੀਤ ਸਿੰਘ ਰੂਬਲ ਤੋਂ ਇਲਾਵਾ ਵੱਡੀ ਗਿਣਤੀ ਬਾਸਕਿਟਬਾਲ ਖਿਡਾਰੀ ਤੇ ਖੇਡ ਪ੍ਰੇਮੀ ਮੌਜੂਦ ਸਨ।



