
ਮੋਹਾਲੀ, 30 ਜਨਵਰੀ: ਪੁਲਿਸ ਥਾਣਿਆਂ ‘ਚ ਸਟਾਫ਼ ਦੀ ਘਾਟ ਨੂੰ ਲੈ ਕੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ 1600 ਅਹੁਦਿਆਂ ਨੂੰ ਅਪਗ੍ਰੇਡ ਕੀਤਾ ਹੈ। ਇਸ ਤੋਂ ਇਲਾਵਾ ਇਸੇ ਸਾਲ 3400 ਨਵੇਂ ਅਹੁਦਿਆਂ ‘ਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਪੰਜਾਬ ਪੁਲਿਸ ਦੀ ਮੈਨਪਾਵਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਦੂਜੇ ਪਾਸੇ, ਐੱਸਐੱਸਪੀ ਦਫ਼ਤਰ ਦੇ ਬਾਹਰ ਦਿਨ-ਦਿਹਾੜੇ ਹੋਏ ਕਤਲ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ. ਪੰਜਾਬ) ਵੀਰਵਾਰ ਦੇਰ ਰਾਤ ਖੁਦ ਮੋਹਾਲੀ ਪਹੁੰਚੇ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਖ਼ਤ ਰੁਖ ਅਖਤਿਆਰ ਕਰਦਿਆਂ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਸੰਕੇਤ ਦਿੱਤੇ।
ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨਾ ਆਪ੍ਰੇਸ਼ਨ ਦਾ ਮਕਸਦ
ਡੀਜੀਪੀ ਨੇ ਕਿਹਾ ਕਿ ਸੂਬੇ ਵਿੱਚ ਚਲਾਇਆ ਜਾ ਰਿਹਾ ‘ਆਪ੍ਰੇਸ਼ਨ ਪ੍ਰਹਾਰ’ ਪੂਰੀ ਤਰ੍ਹਾਂ ਕਾਨੂੰਨੀ ਅਤੇ ਯੋਜਨਾਬੱਧ ਕਾਰਵਾਈ ਹੈ। ਇਸ ਸਬੰਧੀ ਕੁਝ ਲੋਕ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਨਹੀਂ, ਸਗੋਂ ਸਿਰਫ਼ ਗੈਂਗਸਟਰਾਂ ਅਤੇ ਲੋੜੀਂਦੇ ਅਪਰਾਧੀਆਂ ‘ਤੇ ਕਾਰਵਾਈ ਕਰਨਾ ਹੈ। ਕਿਸੇ ਵੀ ਬੇਗੁਨਾਹ ਵਿਅਕਤੀ ਨੂੰ ਬਿਨਾਂ ਕਾਰਨ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ। ਡੀਜੀਪੀ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ 20 ਤਾਰੀਖ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਤਹਿਤ ਹੁਣ ਤੱਕ ਕਈ ਅਹਿਮ ਸਫਲਤਾਵਾਂ ਹਾਸਲ ਹੋਈਆਂ ਹਨ। ਗੈਂਗਸਟਰਾਂ ਦੀ ਕਿਸੇ ਵੀ ਰੂਪ ਵਿੱਚ ਮਦਦ ਕਰਨ ਵਾਲੇ ਲੋਕ ਵੀ ਪੁਲਿਸ ਦੇ ਰਡਾਰ ‘ਤੇ ਹਨ। ਅਜਿਹੇ ਲੋਕਾਂ ਦੀ ਪਛਾਣ ਇੰਟੈਲੀਜੈਂਸ ਇਨਪੁਟ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਇਸ ਦੇ ਲਈ ਇੱਕ ਵਿਸ਼ੇਸ਼ ਆਫ-ਟ੍ਰੈਕ ਸੈੱਲ ਦਾ ਗਠਨ ਕੀਤਾ ਗਿਆ ਹੈ, ਜੋ ਆਈਜੀ ਪੱਧਰ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਕੰਮ ਕਰ ਰਿਹਾ ਹੈ। ਇਹ ਸੈੱਲ ਕੇਂਦਰ ਸਰਕਾਰ ਅਤੇ ਵਿਦੇਸ਼ੀ ਏਜੰਸੀਆਂ ਨਾਲ ਤਾਲਮੇਲ ਕਰਕੇ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਨੂੰ ਭਾਰਤ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰੇਗਾ।
‘ਇੱਕੋ ਦਿਨ ‘ਚ ਤਿੰਨ ਵੱਡੀਆਂ ਪ੍ਰਾਪਤੀਆਂ’
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਇੱਕੋ ਦਿਨ ਵਿਚ ਤਿੰਨ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ:
ਨਾਲਾਗੜ੍ਹ ਪੁਲਿਸ ਸਟੇਸ਼ਨ ਹਮਲਾ: ਇਸ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ, ਜਿਸ ਦੀਆਂ ਤਾਰਾਂ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅਮਰੀਕਾ ਅਧਾਰਤ ਮਾਸਟਰਮਾਈਂਡ ਨਾਲ ਜੁੜੀਆਂ ਪਾਈਆਂ ਗਈਆਂ ਹਨ। ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹਥਿਆਰ ਤੇ ਹੈਰੋਇਨ ਬਰਾਮਦਗੀ: ਫਾਜ਼ਿਲਕਾ ਜ਼ਿਲ੍ਹੇ ਵਿੱਚ ਬੀਐੱਸਐੱਫ ਦੇ ਨਾਲ ਸਾਂਝੀ ਕਾਰਵਾਈ ਦੌਰਾਨ 21 ਪਿਸਤੌਲ ਅਤੇ 2.1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਦਿਹਾਤੀ ਰੱਖਿਆ ਕਮੇਟੀਆਂ ਦੀ ਮਦਦ: ਪਿੰਡਾਂ ਦੀਆਂ ਕਮੇਟੀਆਂ ਦੀ ਸੂਚਨਾ ‘ਤੇ ਪੁਲਿਸ ਨੇ 43 ਕਿਲੋ ਹੈਰੋਇਨ ਅਤੇ ਆਰਡੀਐਕਸ (RDX) ਵੀ ਜ਼ਬਤ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਆਈਐਸਆਈ (ISI) ਦੀ ਕਾਰਜਪ੍ਰਣਾਲੀ ‘ਚ ਬਦਲਾਅ ਆਇਆ ਹੈ ਅਤੇ ਹੁਣ ਨਸ਼ਿਆਂ ਦੇ ਨਾਲ-ਨਾਲ ਹਥਿਆਰ ਅਤੇ ਵਿਸਫੋਟਕ ਵੀ ਭੇਜੇ ਜਾ ਰਹੇ ਹਨ।



