Punjab

ਭੈਣ ਨਾਲ ਛੇੜਖਾਣੀ ਕਰਨ ਵਾਲੇ ਲੜਕੇ ਦਾ ਭਰਾ ਵੱਲੋਂ ਕਤਲ

ਲੁਧਿਆਣਾ, 17 ਜਨਵਰੀ : ਆਪਣੀ ਭੈਣ ਨੂੰ ਪ੍ਰੇਸ਼ਾਨ ਕਰਨ ਵਾਲੇ ਤੇ ਭੜਕੇ ਭਰਾ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਛੇੜਖਾਨੀ ਕਰਨ ਵਾਲੇ ਨੂੰ ਕਤਲ ਕਰ ਦਿੱਤਾ। ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਮਿੱਥੀ ਸਾਜਿਸ਼ ਤਹਿਤ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਸਿਰ ਤੇ ਰਾੜ ਮਾਰ ਕੇ ਕਤਲ ਕਰਨ ਮਗਰੋਂ ਲਾਸ਼ ਨੂੰ ਅੱਗ ਲੱਗਾ ਦਿੱਤੀ। ਸਬੂਤ ਮਿਟਾਉਣ ਲਈ ਸੜੀ ਹੋਈ ਲਾਸ਼ ਨੂੰ ਲਵਾਰਿਸ ਹਾਲਤ ’ਚ ਸੁੱਟ ਦਿੱਤਾ। 10 ਦਿਨ ਪਹਿਲਾਂ ਹੋਏ ਇਸ ਅੰਨ੍ਹੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ ਤਾਂ ਕੜੀਆਂ ਜੋੜਦੇ ਹੋਏ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀਆਈਏ ਸਮੇਤ ਫੋਰੈਂਸਿਕ ਅਤੇ ਹੋਰ ਟੀਮਾਂ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਰੇ ਵਿਅਕਤੀ ਦੀ ਸ਼ਨਾਖਤ ਗਿਆਸਪੁਰਾ ਦੇ ਰਹਿਣ ਵਾਲੇ ਸੰਜੇ ਸਿੰਘ ਦੇ ਰੂਪ ਵਿੱਚ ਕੀਤੀ। ਡੀਸੀਪੀ ਜਸ ਕਿਰਨਜੀਤ ਸਿੰਘ ਤੇਜਾ ਮੁਤਾਬਕ 5 ਜਨਵਰੀ ਨੂੰ ਥਾਣਾ ਮੇਹਰਬਾਨ ਦੇ ਇਲਾਕੇ ਵਿੱਚ ਇੱਕ ਬੀਆਬਾਨ ਪਲਾਟ ਤੋਂ ਲਵਾਰਿਸ ਹਾਲ ਲਾਸ਼ ਬਰਾਮਦ ਹੋਈ ਸੀ। ਕਤਲ ਕੀਤੇ ਗਏ ਵਿਅਕਤੀ ਨੂੰ ਦੋ ਹਿੱਸਿਆਂ ਵਿੱਚ ਵੱਢ ਕੇ ਲਾਸ਼ ਨੂੰ ਅੱਗ ਲਗਾ ਦਿੱਤੀ ਗਈ ਸੀ। ਪੁਲਿਸ ਲਈ ਸਭ ਤੋਂ ਅਹਿਮ ਸਵਾਲ ਮ੍ਰਿਤਕ ਦੀ ਸ਼ਨਾਖਤ ਕਰਨਾ ਸੀ ਅਤੇ ਲਾਸ਼ ਦੀ ਸ਼ਨਾਖਤ ਲਈ ਸਿਵਲ ਹਸਪਤਾਲ ਰਖਵਾ ਕੇ ਵੱਖ ਵੱਖ ਟੀਮਾਂ ਵੱਲੋਂ ਉਦਮ ਸ਼ੁਰੂ ਕੀਤਾ ਗਿਆ। ਬੀਤੇ ਦਿਨਾਂ ਵਿੱਚ ਆਸ ਪਾਸ ਦੇ ਇਲਾਕਿਆਂ ਤੋਂ ਗੁੰਮਸ਼ੁਦਾ ਵਿਅਕਤੀਆਂ ਦੀ ਸੂਚੀ ਤਿਆਰ ਕਰਕੇ ਜਾਂਚ ਅੱਗੇ ਵਧਾਈ ਗਈ ਤਾਂ ਪਤਾ ਲੱਗਾ ਕਿ ਲਗਭਗ ਇਸ ਉਮਰ ਦਾ ਹੀ ਇੱਕ ਵਿਅਕਤੀ ਥਾਣਾ ਸਾਹਨੇਵਾਲ ਅਧੀਨ ਇਲਾਕੇ ਵਿੱਚੋਂ 5 ਜਨਵਰੀ ਤੋਂ ਲਾਪਤਾ ਸੀ। ਗੁੰਮਸ਼ੁਦਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ ਸਾਨੇਵਾਲ ਪੁਲਿਸ ਕੋਲ ਇੱਕ ਗੁੰਮਸ਼ੁਦਗੀ ਵੀ ਦਰਜ ਕਰਵਾਈ ਗਈ ਸੀ। ਇਸ ਜਾਣਕਾਰੀ ਦੇ ਆਧਾਰ ਤੇ ਗੁੰਮਸ਼ੁਦਾ ਦੇ ਪਰਿਵਾਰਕ ਮੈਂਬਰਾਂ ਨੂੰ ਮੌਕੇ ਤੇ ਸੱਦ ਕੇ ਲਾਸ਼ ਵਿਖਾਈ ਗਈ ਤਾਂ ਮਰੇ ਵਿਅਕਤੀ ਦੀ ਸ਼ਨਾਖਤ ਕਰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਾਸ਼ ਸੰਜੇ ਸਿੰਘ ਉਮਰ ਕਰੀਬ 42 ਸਾਲ ਦੀ ਹੈ। ਲਾਸ਼ ਦੀ ਸ਼ਿਨਾਖਤ ਹੋਣ ਮਗਰੋਂ ਪੁਲਿਸ ਨੇ ਜਾਂਚ ਦਾ ਦਾਇਰਾ ਵਧਾਇਆ ਅਤੇ ਆਸ ਪਾਸ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਕੁਝ ਸ਼ੱਕੀ ਵਿਅਕਤੀਆਂ ਨੂੰ ਘੇਰੇ ਅੰਦਰ ਲੈ ਕੇ ਪੜਤਾਲ ਸ਼ੁਰੂ ਕੀਤੀ। ਮਾਮਲੇ ਦੀ ਗਹਿਨ ਪੜਤਾਲ ਮਗਰੋਂ ਪੁਲਿਸ ਨੇ ਮੁੰਨਾ, ਰਜੇਸ਼ ਅਤੇ ਮੰਗਲ ਨਾਮ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕਤਲ ਵੇਲੇ ਇਸਤੇਮਾਲ ਕੀਤੀ ਗਈ ਲੋਹੇ ਦੀ ਰਾੜ, ਮੋਟਰਸਾਈਕਲ ਅਤੇ ਲਾਸ਼ ਸੁੱਟਣ ਲਈ ਵਰਤਿਆ ਗਿਆ ਰੇਹੜਾ ਵੀ ਬਰਾਮਦ ਕਰ ਲਿਆ।

ਗਿਆਸਪੁਰਾ ਇਲਾਕੇ ਵਿੱਚ ਕਤਲ ਕਰਕੇ ਮਿਹਰਬਾਨ ਸੁੱਟੀ ਲਾਸ਼

ਡੀਸੀਪੀ ਜਸ ਕਰਨਜੀਤ ਸਿੰਘ ਤੇਜਾ ਮੁਤਾਬਿਕ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਸੰਜੇ ਨੂੰ ਬਹਾਨੇ ਨਾਲ ਗਿਆਸਪੁਰਾ ਇਲਾਕੇ ਵਿੱਚ ਬੁਲਾਇਆ ਅਤੇ ਇੱਕ ਕਮਰੇ ਅੰਦਰ ਲੈ ਗਏ। ਕਮਰੇ ਵਿੱਚ ਲਿਜਾ ਕੇ ਤਿੰਨਾਂ ਨੇ ਉਸ ਦੇ ਸਿਰ ਤੇ ਰਾੜ ਮਾਰੀ ਅਤੇ ਕਮਰੇ ਵਿੱਚ ਹੀ ਕਤਲ ਕਰ ਦਿੱਤਾ। ਸੰਜੇ ਦੀ ਜਾਨ ਲੈਣ ਮਗਰੋਂ ਲਾਸ਼ ਤੇ ਦੋ ਟੁਕੜੇ ਕੀਤੇ ਅਤੇ 5 ਹਜ਼ਾਰ ਰੁਪਏ ਦਾ ਨਵਾਂ ਰੇਹੜਾ ਖਰੀਦ ਕੇ ਲਾਸ਼ ਰੇਹੜੇ ਵਿੱਚ ਰੱਖਣ ਮਗਰੋਂ 15 ਕਿਲੋਮੀਟਰ ਦੂਰ ਲਿਜਾ ਕੇ ਸੁੱਟ ਦਿੱਤੀ। ਉਕਤ ਮੁਲਜ਼ਮਾਂ ਨੇ ਖੁਲਾਸਾ ਕੀਤਾ ਕੀ ਸਬੂਤ ਅਤੇ ਸ਼ਿਨਾਖਤ ਮਿਟਾਉਣ ਲਈ ਉਨ੍ਹਾਂ ਪੈਟਰੋਲ ਛਿੜਕ ਕੇ ਲਾਸ਼ ਨੂੰ ਅੱਗ ਲਗਾਈ ਸੀ।
ਭੈਣ ਨਾਲ ਛੇੜਖਾਨੀ ਕਾਰਨ ਸੀ ਰੰਜਿਸ਼

ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੇ ਪੁੱਛ ਗਿੱਛ ਦੌਰਾਨ ਖੁਲਾਸਾ ਕੀਤਾ ਕੀ ਮੁਲਜ਼ਮ ਮੁੰਨਾ ਦੀ ਭੈਣ ਨੂੰ ਸੰਜੇ ਸਿੰਘ ਪਿਛਲੇ ਕਰੀਬ ਚਾਰ ਪੰਜ ਸਾਲ ਤੋਂ ਲਗਾਤਾਰ ਤੰਗ ਕਰ ਰਿਹਾ ਸੀ। ਭੈਣ ਨੇ ਕਈ ਵਾਰ ਸੰਜੇ ਦੀਆਂ ਹਰਕਤਾਂ ਬਾਰੇ ਮੁੰਨਾ ਨੂੰ ਦੱਸਿਆ ਤਾਂ ਮੁੰਨਾ ਆਪਣੇ ਮਨ ਵਿੱਚ ਸੰਜੇ ਪ੍ਰਤੀ ਵੈਰ ਰੱਖਣ ਲੱਗ ਗਿਆ। ਉਸ ਨੇ ਆਪਣੀ ਪ੍ਰੇਸ਼ਾਨੀ ਦੋ ਦੋਸਤਾਂ ਨਾਲ ਸਾਂਝੀ ਕਰਕੇ ਸੰਜੇ ਸਿੰਘ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ। ਮੁੰਨਾ ਦਾ ਸਾਥ ਦੇਣ ਵਾਲੇ ਰਾਜੇਸ਼ ਦੀ ਵੀ ਇੱਕ ਆਟੋ ਦੀ ਖਰੀਦੋ ਫਰੋਕਤ ਨੂੰ ਲੈ ਕੇ ਸੰਜੇ ਸਿੰਘ ਨਾਲ ਦੁਸ਼ਮਣੀ ਸੀ ਜਿਸ ਕਾਰਨ ਉਸ ਨੇ ਸੰਜੇ ਨੂੰ ਕਤਲ ਕਰਨ ਵਿੱਚ ਮੁੰਨਾ ਦਾ ਸਾਥ ਦਿੱਤਾ। ਬਹਿਰਹਾਲ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button