National

ਸ਼ਮਸ਼ਾਨਘਾਟ ਇਲਾਕੇ ਤੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ

ਪੰਚਕੂਲਾ, 17 ਜਨਵਰੀ ਪੰਚਕੂਲਾ ਦੇ ਸੈਕਟਰ-20 ਸਥਿਤ ਸ਼ਮਸ਼ਾਨਘਾਟ ਇਲਾਕੇ ਤੋਂ ਬਰਾਮਦ ਹੋਈ ਇਕ ਨੌਜਵਾਨ ਲੜਕੀ ਦੀ ਲਾਸ਼ ਦੀ ਪਛਾਣ ਹੋ ਗਈ ਹੈ। ਮ੍ਰਿਤਕਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਰਹਿਣ ਵਾਲੀ ਕਲੱਬ ਡਾਂਸਰ ਮਾਧਰੀ ਉਰਫ਼ ਸਿਮਰਨ ਹੈ। ਪੁਲਿਸ ਮੁਤਾਬਕ ਸਿਮਰਨ ਅਕਤੂਬਰ 2025 ਤੋਂ ਮੁਹਾਲੀ ਦੇ ਜੀਰਕਪੁਰ ਵਿਚ ਆਪਣੇ ਲਿਵ-ਇਨ ਪਾਰਟਨਰ ਇੰਦਰ ਨਾਲ ਰਹਿ ਰਹੀ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਾਧਰੀ ਉਰਫ਼ ਸਿਮਰਨ ਜ਼ੀਰਕਪੁਰ ਦੇ ਵੱਖ-ਵੱਖ ਕਲੱਬਾਂ ਵਿਚ ਡਾਂਸ ਕਰਦੀ ਸੀ। ਉਸਦਾ ਲਿਵ-ਇਨ ਪਾਰਟਨਰ ਇੰਦਰ ਵੀ ਉਸਦੇ ਨਾਲ ਹੀ ਰਹਿੰਦਾ ਸੀ। 13 ਨਵੰਬਰ ਦੀ ਰਾਤ ਨੂੰ ਸਿਮਰਨ ਘਰ ਵਾਪਸ ਨਹੀਂ ਆਈ, ਜਿਸ ਤੋਂ ਬਾਅਦ ਉਸਦੀ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਨਹੀਂ ਕਰਵਾਈ ਗਈ। ਬਾਅਦ ਵਿਚ 30 ਦਸੰਬਰ ਨੂੰ ਪੰਚਕੂਲਾ ਪੁਲਿਸ ਨੂੰ ਸੈਕਟਰ-20 ਸ਼ਮਸ਼ਾਨਘਾਟ ਇਲਾਕੇ ਤੋਂ ਕੰਕਾਲ ਹਾਲਤ ਵਿਚ ਲਾਸ਼ ਮਿਲੀ। ਲਾਸ਼ ਦੀ ਪਛਾਣ ਲਈ ਕੀਤੇ ਗਏ ਯਤਨਾਂ ਦੌਰਾਨ ਜ਼ੀਰਕਪੁਰ ਦੇ ਸਵਾਸਤਿਕ ਵਿਹਾਰ ਨਿਵਾਸੀ ਵਿਕੀ ਨੇ ਮ੍ਰਿਤਕਾ ਦੀ ਪਛਾਣ ਕੀਤੀ। ਵਿਕੀ ਨੇ ਦੱਸਿਆ ਕਿ ਮ੍ਰਿਤਕਾ ਮਾਧਰੀ ਉਰਫ਼ ਸਿਮਰਨ ਹੈ, ਜੋ ਉਸਦੇ ਦੋਸਤ ਇੰਦਰ ਦੀ ਲਿਵ-ਇਨ ਪਾਰਟਨਰ ਸੀ। ਪੁਲਿਸ ਨੇ ਮਾਮਲੇ ਨੂੰ ਕਤਲ ਮੰਨਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਉਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ, ਜਿਸ ਨੇ ਮਾਧਰੀ ਨੂੰ ਆਖ਼ਰੀ ਵਾਰ ਭੁਗਤਾਨ ਕੀਤਾ ਸੀ। ਇਸਦੇ ਨਾਲ ਹੀ ਲਿਵ-ਇਨ ਪਾਰਟਨਰ ਇੰਦਰ ਦੀ ਭਾਲ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਸਿਮਰਨ ਦੇ ਲਾਪਤਾ ਹੋਣ ਮਗਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਨਹੀਂ ਆਇਆ। ਪੰਜਾਬ ਪੁਲਿਸ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।

4 ਸਾਲ ਤੋਂ ਲਿਵ-ਇਨ ਵਿਚ ਰਹਿ ਰਹੇ ਸਨ ਦੋਵੇਂ

ਪੁਲਿਸ ਅਨੁਸਾਰ, ਮਾਧਰੀ ਉਰਫ਼ ਸਿਮਰਨ ਕਪੂਰਥਲਾ ਦੇ ਜੱਟ ਪੁਰਾ ਮੋਹੱਲੇ ਦੀ ਰਹਿਣ ਵਾਲੀ ਸੀ। ਉਸਦਾ ਲਿਵ-ਇਨ ਪਾਰਟਨਰ ਇੰਦਰ ਵੀ ਕਪੂਰਥਲਾ ਦਾ ਹੀ ਨਿਵਾਸੀ ਹੈ। ਦੋਵੇਂ ਲਗਭਗ 4 ਸਾਲਾ ਤੋਂ ਇਕੱਠੇ ਰਹਿ ਰਹੇ ਸਨ ਅਤੇ ਰੁਜ਼ਗਾਰ ਦੀ ਭਾਲ ਵਿਚ ਅਕਤੂਬਰ 2025 ਵਿਚ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਆ ਵਸੇ।

ਕਲੱਬਾਂ ਵਿਚ ਡਾਂਸ, ਨਸ਼ੇ ਦੀ ਆਦਤ

ਸਿਮਰਨ ਨੂੰ ਆਪਣੇ ਦੋਸਤਾਂ ਰਾਹੀਂ ਜ਼ੀਰਕਪੁਰ ਦੇ ਕਲੱਬਾਂ ਵਿਚ ਡਾਂਸ ਦਾ ਕੰਮ ਮਿਲਿਆ ਸੀ। ਇੰਦਰ ਵੀ ਅਕਸਰ ਉਸਦੇ ਨਾਲ ਜਾਂਦਾ ਸੀ। ਦੋਵੇਂ ਆਪਣੀ ਕਮਾਈ ਦਾ ਵੱਡਾ ਹਿੱਸਾ ਨਸ਼ੇ ’ਤੇ ਖਰਚ ਕਰ ਦਿੰਦੇ ਸਨ। ਲੰਮੇ ਸਮੇਂ ਤੋਂ ਨਸ਼ੇ ਦੀ ਲਤ ਕਾਰਨ ਦੋਵੇਂ ਪਰਿਵਾਰਾਂ ਤੋਂ ਵੀ ਵੱਖ ਹੋ ਚੁੱਕੇ ਸਨ।13 ਨਵੰਬਰ ਨੂੰ ਲਾਪਤਾ, 30 ਦਸੰਬਰ ਨੂੰ ਲਾਸ਼ ਮਿਲੀ

13 ਨਵੰਬਰ ਦੀ ਰਾਤ ਨੂੰ ਸਿਮਰਨ ਘਰ ਨਹੀਂ ਪਹੁੰਚੀ। ਹੈਰਾਨੀ ਦੀ ਗੱਲ ਇਹ ਰਹੀ ਕਿ ਇੰਦਰ ਨੇ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਤੱਕ ਦਰਜ ਨਹੀਂ ਕਰਵਾਈ। ਕਰੀਬ 17 ਦਿਨ ਬਾਅਦ, 30 ਦਸੰਬਰ ਨੂੰ ਸੈਕਟਰ-20 ਸ਼ਮਸ਼ਾਨਘਾਟ ਇਲਾਕੇ ਤੋਂ ਕੰਕਾਲ ਹਾਲਤ ਵਿਚ ਲਾਸ਼ ਬਰਾਮਦ ਹੋਈ।

ਹੱਥ ’ਤੇ ਲਿਖੇ ਨਾਂ ਅਤੇ ਜੈਕੇਟ ਨਾਲ ਪਛਾਣ

ਲਾਸ਼ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਸੀ, ਪਰ ਮ੍ਰਿਤਕਾ ਦੇ ਹੱਥ ’ਤੇ ਲਿਖਿਆ “ਆਈ ਲਵ ਇੰਦਰ” ਪਛਾਣ ਵਿਚ ਮੁੱਖ ਸਬੂਤ ਸਾਬਤ ਹੋਇਆ। ਇਸਦੇ ਨਾਲ ਹੀ ਲਾਸ਼ ’ਤੇ ਮਿਲੀ ਜੈਕੇਟ, ਜੋ ਕੁਝ ਦਿਨ ਪਹਿਲਾਂ ਦੋਸਤ ਵਿਕੀ ਨੇ ਤੋਹਫ਼ੇ ਵਜੋਂ ਦਿੱਤੀ ਸੀ, ਉਸਦੀ ਪਛਾਣ ਦਾ ਵੱਡਾ ਸਬੂਤ ਬਣੀ।ਆਖ਼ਰੀ ਭੁਗਤਾਨ ’ਤੇ ਪੁਲਿਸ ਦਾ ਸ਼ੱਕ

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਿਮਰਨ ਅਕਸਰ ਗਾਹਕਾਂ ਤੋਂ ਨਕਦ ਦੀ ਥਾਂ ਆਨਲਾਈਨ ਭੁਗਤਾਨ ਲੈ ਲੈਂਦੀ ਸੀ। ਉਸ ਰਾਤ ਵੀ 450 ਰੁਪਏ ਦੀ ਇਕ ਆਖ਼ਰੀ ਪੇਮੈਂਟ ਆਈ ਸੀ। ਅਗਲੇ ਦਿਨ ਉਸ ਨੰਬਰ ’ਤੇ ਕਾਲ ਕਰਨ ’ਤੇ ਸਾਹਮਣੇ ਵਾਲੇ ਨੇ ਦੱਸਿਆ ਕਿ ਉਸਨੇ ਸਿਮਰਨ ਨੂੰ ਪਟਿਆਲਾ ਰੋਡ ’ਤੇ ਛੱਡ ਦਿੱਤਾ ਸੀ।
ਪੁਲਿਸ ਕੀ ਕਰ ਰਹੀ ਹੈ ਜਾਂਚ

ਪੁਲਿਸ ਹੁਣ ਆਖ਼ਰੀ ਭੁਗਤਾਨ ਕਰਨ ਵਾਲੇ ਵਿਅਕਤੀ ਦੀ ਪੂਰੀ ਜਾਣਕਾਰੀ ਖੰਗਾਲ ਰਹੀ ਹੈ। ਇਸਦੇ ਨਾਲ ਹੀ ਲਿਵ-ਇਨ ਪਾਰਟਨਰ ਇੰਦਰ ’ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅਜੇ ਤੱਕ ਕਿਸੇ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ। ਸੈਕਟਰ-20 ਥਾਣੇ ਦੇ ਐੱਸਐੱਚਓ ਸੋਮਬੀਰ ਢਾਕਾ ਨੇ ਦੱਸਿਆ ਕਿ ਮ੍ਰਿਤਕਾ ਦੇ ਹੱਥ ’ਤੇ ਲਿਖੇ ਨਾਂ ਅਤੇ ਜੈਕੇਟ ਦੇ ਆਧਾਰ ’ਤੇ ਪਛਾਣ ਹੋਈ ਹੈ। ਦੋਸਤ ਵਿਕੀ ਦੀ ਸ਼ਿਕਾਇਤ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਮਾਮਲੇ ਦਾ ਖ਼ੁਲਾਸਾ ਕਰਨ ਦਾ ਦਾਅਵਾ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button