
ਬਾਲ ਕਿਸ਼ਨ
ਫਿਰੋਜ਼ਪੁਰ, 8 ਜਨਵਰੀ : ਜ਼ਿਲ੍ਹਾ ਕੋਰਟ ਕੰਪਲੈਕਸ ਫ਼ਿਰੋਜ਼ਪੁਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਅੱਜ ਸਵੇਰੇ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਵੱਲੋਂ ਕੋਰਟ ਕੰਪਲੈਕਸ ਨੂੰ ਦੇ ਸਾਰੇ ਗੇਟ ਬੰਦ ਕਰਵਾ ਦਿੱਤੇ ਤੇ ਸਾਰਾ ਕੰਮਕਾਜ ਠੱਪ ਕਰਵਾ ਆਵਾਜਾਈ ਰੋਕ ਸਰਚ ਅਭਿਆਨ ਚਲਾਇਆ ਗਿਆ। ਪੁੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਤ ਮੇਲ ’ਤੇ ਇਕ ਈਮੇਲ ਆਈ ਸੀ, ਜਿਸ ਵਿਚ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਮਗਰੋਂ ਅਹਿਤਿਆਤ ਦੇ ਤੌਰ ’ਤੇ ਅਦਾਲਤੀ ਕੰਪਲੈਕਸ ਖਾਲੀ ਕਰਵਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੇਲ ਕਿੱਥੋਂ ਆਈ, ਕਿੰਨੇ ਭੇਜੀ ਸਬੰਧੀ ਜਾਂਚ ਜਾਰੀ ਹੈ, ਪਰ ਇਸ ਵੇਲੇ ਸਰਚ ਅਭਿਆਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਮਗਰੋਂ ਮੋਗਾ ਕੋਰਟ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਮਗਰੋਂ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ ਤੇ ਭਾਰੀ ਮਾਤਰਾ ਵਿਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।



