
ਜਲੰਧਰ, 6 ਜਨਵਰੀ : ਨਾਬਾਲਿਗ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ, ਭੀਖ ਮੰਗਵਾਉਣ ਤੇ ਅਣਮਨੁੱਖੀ ਅੱਤਿਆਚਾਰ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਹੁਕਮ ਦਿੱਤਾ ਹੈ ਕਿ ਉਸ ਨੂੰ ਮਰਨ ਤੱਕ ਜੇਲ੍ਹ ’ਚ ਰੱਖਿਆ ਜਾਵੇ। ਮੁਲਜ਼ਮ ਦੀ ਪਛਾਣ ਰਾਜੇਸ਼ ਪਾਂਡੇ ਵਜੋਂ ਹੋਈ ਹੈ, ਜੋ ਮੂਲ ਤੌਰ ’ਤੇ ਉੱਤਰ ਪ੍ਰਦੇਸ਼ ਦੇ ਬਹਰਾਈਚ ਜ਼ਿਲ੍ਹੇ ਦੇ ਪਿੰਡ ਗ੍ਰਾਮਪਾਰਾ, ਥਾਣਾ ਖੇਹਰੀ ਦਾ ਰਹਿਣ ਵਾਲਾ ਹੈ ਤੇ ਵਾਰਦਾਤ ਦੇ ਸਮੇਂ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ’ਚ ਰਹਿ ਰਿਹਾ ਸੀ। ਅਦਾਲਤ ਨੇ ਮੁਲਜ਼ਮ ’ਤੇ ਵੱਖ-ਵੱਖ ਧਾਰਾਵਾਂ ਹੇਠ ਕੁੱਲ 1 ਲੱਖ 28 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਨਾਲ ਹੀ ਹੁਕਮ ਦਿੱਤਾ ਗਿਆ ਹੈ ਕਿ ਜੇ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦਾ, ਤਾਂ ਉਸ ਨੂੰ ਇਕ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਅਦਾਲਤ ਨੇ ਆਪਣੇ ਫੈਸਲੇ ’ਚ ਕਿਹਾ ਕਿ ਦੋਸ਼ੀ ਨੇ ਨਾਬਾਲਿਗ ਕੁੜੀਆਂ ਨੂੰ ਸਾਜ਼ਿਸ਼ ਤਹਿਤ ਆਪਣੇ ਜਾਲ ’ਚ ਫਸਾਇਆ, ਉਨ੍ਹਾਂ ਨੂੰ ਅਣਮਨੁੱਖੀ ਹਾਲਾਤ ’ਚ ਰੱਖਿਆ ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ। ਅਜਿਹੇ ਅਪਰਾਧ ਸਮਾਜ ਦੀ ਨੀਂਹ ਨੂੰ ਹਿਲਾ ਦਿੰਦੇ ਹਨ, ਇਸ ਲਈ ਇਨ੍ਹਾਂ ’ਚ ਕਿਸੇ ਵੀ ਤਰ੍ਹਾਂ ਦੀ ਨਰਮੀ ਦੀ ਗੁੰਜਾਇਸ਼ ਨਹੀਂ ਹੈ।
ਕੰਜਕ ਤੇ ਲੰਗਰ ਦਾ ਝਾਂਸਾ ਦੇ ਕੇ ਕੀਤਾ ਅਗਵਾ
ਮਾਮਲੇ ਦੀ ਜਾਂਚ ਤੇ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਨੇ ਬੱਚੀਆਂ ਨੂੰ ਅਗਵਾ ਕਰਨ ਲਈ ਧਾਰਮਿਕ ਆਸਥਾ ਦਾ ਸਹਾਰਾ ਲਿਆ। 6 ਅਪ੍ਰੈਲ ਨੂੰ ਕੰਜਕ ਪੂਜਨ ਦੇ ਦਿਨ ਦੋਸ਼ੀ ਨੇ ਏਕਤਾ ਨਗਰ ਤੋਂ 13 ਸਾਲਾ ਪਾਇਲ ਨੂੰ ਕੰਜਕ ਦਿਵਾਉਣ ਤੇ ਵੱਧ ਪੈਸੇ ਦਿਵਾਉਣ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। ਇਸੇ ਤਰ੍ਹਾਂ 20 ਫਰਵਰੀ ਨੂੰ ਹਰਗੋਬਿੰਦ ਨਗਰ ਤੋਂ 9 ਸਾਲਾ ਸ਼ੀਤਲ ਕੁਮਾਰੀ ਨੂੰ ਲੰਗਰ ਖਿਲਾਉਣ ਦੇ ਬਹਾਨੇ ਨਾਲ ਲੈ ਜਾ ਕੇ ਅਗਵਾ ਕਰ ਲਿਆ। ਦੋਵੇਂ ਹੀ ਮਾਮਲਿਆਂ ’ਚ ਦੋਸ਼ੀ ਬੱਚੀਆਂ ਨੂੰ ਲੈ ਜਾਂਦਾ ਹੋਇਆ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਇਆ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹੀ ਇਹ ਪਤਾ ਲੱਗਿਆ ਕਿ ਦੋਵੇਂ ਵਾਰਦਾਤਾਂ ਪਿੱਛੇ ਇੱਕੋ ਹੀ ਵਿਅਕਤੀ ਹੈ।
ਕਿਰਾਏਦਾਰ ਬਣ ਕੇ ਰਚੀ ਅਗਵਾ ਦੀ ਸਾਜ਼ਿਸ਼
ਇਕ ਬੱਚੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਇਕ ਦਿਨ ਪਹਿਲਾਂ ਉਨ੍ਹਾਂ ਦੇ ਘਰ ਆਇਆ ਸੀ ਤੇ ਨਾਲ ਵਾਲਾ ਕਮਰਾ ਕਿਰਾਏ ’ਤੇ ਮੰਗਿਆ ਸੀ। ਉਸ ਦੇ ਨਾਲ ਇੱਕ ਕੁੜੀ ਸੀ, ਜਿਸ ਨੂੰ ਉਸ ਨੇ ਆਪਣੀ ਧੀ ਦੱਸਿਆ ਪਰ ਬਾਅਦ ’ਚ ਪਤਾ ਲੱਗਿਆ ਕਿ ਉਹ ਕੁੜੀ ਉਸ ਦੀ ਭਤੀਜੀ ਸੀ, ਜਿਸ ਨੂੰ ਉਹ ਉੱਤਰ ਪ੍ਰਦੇਸ਼ ਤੋਂ ਅਗਵਾ ਕਰ ਕੇ ਲਿਆਇਆ ਸੀ। ਉਸ ਕੁੜੀ ਦੇ ਵਾਲ ਕੱਟੇ ਹੋਏ ਸਨ ਤੇ ਉਹ ਕਾਫ਼ੀ ਡਰੀ ਹੋਈ ਸੀ ਪਰ ਉਸ ਸਮੇਂ ਪਰਿਵਾਰ ਨੇ ਇਸ ’ਤੇ ਵੱਧ ਧਿਆਨ ਨਹੀਂ ਦਿੱਤਾ। ਅਗਲੇ ਦਿਨ ਦੋਸ਼ੀ ਉਨ੍ਹਾਂ ਦੀ ਧੀ ਤੇ ਆਪਣੇ ਨਾਲ ਆਈ ਕੁੜੀ ਨੂੰ ਲੰਗਰ ਖੁਆਉਣ ਦੇ ਬਹਾਨੇ ਨਾਲ ਲੈ ਗਿਆ ਤੇ ਫਿਰ ਕਦੇ ਵਾਪਸ ਨਹੀਂ ਆਇਆ।
ਸੀਰੀਅਲ ਕਿਡਨੈਪਰ ਨਿਕਲਿਆ, ਤੀਜੀ ਬੱਚੀ ਦਾ ਵੀ ਕੀਤਾ ਅਗਵਾ
ਅਪ੍ਰੈਲ ਮਹੀਨੇ ’ਚ ‘ਪੰਜਾਬੀ ਜਾਗਰਣ’ ਨੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਸ਼ਹਿਰ ’ਚ ਇਕ ਸੀਰੀਅਲ ਕਿਡਨੈਪਰ ਦਾ ਖਦਸ਼ਾ ਪ੍ਰਗਟਾਇਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਦੋਸ਼ੀ ਲਗਾਤਾਰ ਠਿਕਾਣੇ ਬਦਲਦਾ ਰਹਿੰਦਾ ਸੀ ਤੇ 10-15 ਦਿਨ ਤੋਂ ਵੱਧ ਕਦੇ ਇਕ ਥਾਂ ਨਹੀਂ ਰਹਿੰਦਾ ਸੀ। ਪੈਸਿਆਂ ਦੀ ਤੰਗੀ ਦਾ ਹਵਾਲਾ ਦੇ ਕੇ ਉਹ ਕਮਰੇ ਕਿਰਾਏ ’ਤੇ ਲੈਂਦਾ ਸੀ ਤੇ ਮੌਕਾ ਮਿਲਦਿਆਂ ਹੀ ਬੱਚੀਆਂ ਨੂੰ ਅਗਵਾ ਕਰ ਕੇ ਫਰਾਰ ਹੋ ਜਾਂਦਾ ਸੀ। ਜਲੰਧਰ ਦੇ ਧੋਗੜੀ ਰੋਡ ਤੇ ਬਸ਼ੀਰਪੁਰਾ ਇਲਾਕੇ ਤੋਂ 7 ਤੇ 13 ਸਾਲ ਦੀਆਂ ਕੁੜੀਆਂ ਦੇ ਅਗਵਾ ਮਾਮਲਿਆਂ ਦੀਆਂ ਕੜੀਆਂ ਵੀ ਇਸੇ ਦੋਸ਼ੀ ਨਾਲ ਜੁੜੀਆਂ।
ਕਪੂਰਥਲਾ ’ਚ ਕਰਵਾਈ ਮਜ਼ਦੂਰੀ, ਇਕ ਕੁੜੀ ਦੀ ਹਿੰਮਤ ਨਾਲ ਖੁਲ੍ਹਿਆ ਰਾਜ਼
ਅਗਵਾ ਕਰਨ ਤੋਂ ਬਾਅਦ ਦੋਸ਼ੀ ਤਿੰਨਾਂ ਬੱਚੀਆਂ ਨੂੰ ਈ-ਰਿਕਸ਼ਾ ’ਚ ਬਿਠਾ ਕੇ ਕਪੂਰਥਲਾ ਲੈ ਗਿਆ, ਜਿੱਥੇ ਉਹ ਉਨ੍ਹਾਂ ਤੋਂ ਖੇਤਾਂ ’ਚ ਮਜ਼ਦੂਰੀ ਕਰਵਾਉਂਦਾ ਸੀ। ਬੱਚੀਆਂ ਨੂੰ ਧਮਕਾਇਆ ਜਾਂਦਾ ਸੀ ਕਿ ਜੇ ਕਿਸੇ ਨੂੰ ਕੁਝ ਦੱਸਿਆ ਤਾਂ ਮਾਰ ਦਿੱਤਾ ਜਾਵੇਗਾ ਜਾਂ ਵੇਚ ਦਿੱਤਾ ਜਾਵੇਗਾ। ਉੱਥੇ ਇਕ ਕੁੜੀ ਦੀ ਬਹਾਦਰੀ ਨੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ। ਉਸ ਨੇ ਮੌਕਾ ਮਿਲਣ ’ਤੇ ਇਕ ਗੋਲਗੱਪੇ ਵਾਲੇ ਤੋਂ ਮਦਦ ਮੰਗੀ ਤੇ ਆਪਣੀ ਸਲਵਾਰ ’ਤੇ ਲਿਖਿਆ ਆਪਣੀ ਮਾਂ ਦਾ ਮੋਬਾਈਲ ਨੰਬਰ ਦਿਖਾਇਆ। ਉਸ ਨੰਬਰ ’ਤੇ ਫ਼ੋਨ ਹੋਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਤੇ ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਕੁੱਟਮਾਰ, ਭੁੱਖਾ ਰੱਖਣਾ ਤੇ ਧਮਕੀਆਂ
ਬੱਚੀਆਂ ਨੇ ਅਦਾਲਤ ਤੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਕੋਲ ਇਕ ਲੰਬੀ ਤਲਵਾਰ ਹੁੰਦੀ ਸੀ ਤੇ ਕੰਮ ਤੋਂ ਇਨਕਾਰ ਕਰਨ ’ਤੇ ਉਹ ਉਨ੍ਹਾਂ ਦੀ ਪਿੱਠ ’ਤੇ ਮਾਰਦਾ ਸੀ। ਖਾਣੇ ਦੇ ਨਾਂ ’ਤੇ ਤਿੰਨਾਂ ਨੂੰ ਇਕ ਛੋਟੀ ਕਟੋਰੀ ’ਚ ਥੋੜ੍ਹੇ ਜਿਹੇ ਚੌਲ ਦਿੱਤੇ ਜਾਂਦੇ ਸਨ। 14-15 ਦਿਨਾਂ ’ਚ ਹੀ ਇਕ ਕੁੜੀ ਦਾ ਵਜ਼ਨ ਕਾਫ਼ੀ ਘੱਟ ਹੋ ਗਿਆ ਸੀ। ਜਦੋਂ ਬੱਚੀਆਂ ਘਰ ਜਾਣ ਦੀ ਗੱਲ ਕਰਦੀਆਂ ਸਨ ਤਾਂ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਸੀ। ਪੁਲਿਸ ਨੇ ਦੋਸ਼ੀ ਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕਰਕੇ ਜਲੰਧਰ ਲਿਆਂਦਾ ਤੇ ਤਿੰਨਾਂ ਬੱਚੀਆਂ ਨੂੰ ਸੁਰੱਖਿਅਤ ਬਰਾਮਦ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ। ਮਜ਼ਬੂਤ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਠਹਿਰਾਉਂਦਿਆਂ ਮਰਨ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ।



