
ਮੋਹਾਲੀ, 29 ਦਸੰਬਰ : ਮਾਪਿਆਂ ਨੇ ਲਾਡ-ਪਿਆਰ ਨਾਲ ਪੜ੍ਹਾ-ਲਿਖਾ ਕੇ ਕਾਮਯਾਬ ਬਣਾਇਆ ਸੀ, ਪਰ ਜਦੋਂ ਧੀ ਦੀ ਮੌਤ ਦੀ ਖ਼ਬਰ ਆਈ ਤਾਂ ਉਹ ਪੂਰੀ ਤਰ੍ਹਾਂ ਟੁੱਟ ਗਏ। ਮੁਹਾਲੀ ਦੇ ਬਲੌਂਗੀ ਦੀ ਰਹਿਣ ਵਾਲੀ 25 ਸਾਲਾ ਏਅਰਹੋਸਟੈੱਸ ਸਿਮਰਨ ਡਡਵਾਲ ਦੀ ਮੌਤ ਨਾਲ ਪੂਰਾ ਪਿੰਡ ਸਦਮੇ ਵਿੱਚ ਹੈ। ਸਿਮਰਨ ਦਾ ਸਸਕਾਰ ਕਰ ਦਿੱਤਾ ਗਿਆ ਹੈ। ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ, ਪਰ ਪਰਿਵਾਰ ਵਾਲੇ ਦੱਸ ਰਹੇ ਹਨ ਕਿ ਉਸ ਨੂੰ ਹਾਰਟ ਅਟੈਕ ਆਇਆ ਸੀ। ਸਿਮਰਨ ਦਿੱਲੀ ‘ਚ ਰਹਿ ਰਹੀ ਸੀ। ਸ਼ਨੀਵਾਰ-ਐਤਵਾਰ ਦੀ ਰਾਤ ਉਹ ਗੁਰੂਗ੍ਰਾਮ ਦੇ ਡੀ.ਐੱਲ.ਐੱਫ. ਫੇਜ਼-1 ਵਿੱਚ ਆਪਣੀ ਇੱਕ ਸਹੇਲੀ ਦੇ ਫਲੈਟ ‘ਤੇ ਆਈ ਸੀ। ਇੱਥੇ ਦੋਸਤਾਂ ਨਾਲ ਮਿਲ ਕੇ ਪਾਰਟੀ ਕੀਤੀ ਗਈ। ਸਵੇਰੇ ਸਾਹ ਲੈਣ ‘ਚ ਤਕਲੀਫ਼ ਹੋਣ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਸਿਮਰਨ ਨੇ ਦਮ ਤੋੜ ਦਿੱਤਾ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੋਸਟਮਾਰਟਮ ਵਿੱਚ ਵੀ ਮੌਤ ਦਾ ਕਾਰਨ ਸਾਫ਼ ਨਹੀਂ ਹੋ ਸਕਿਆ ਹੈ। ਨਮੂਨੇ (ਸੈਂਪਲ) ਜਾਂਚ ਲਈ ਲੈਬ ਭੇਜੇ ਗਏ ਹਨ। ਦੱਸ ਦੇਈਏ ਕਿ ਸਿਮਰਨ ਪਿਛਲੇ ਦੋ ਸਾਲਾਂ ਤੋਂ ਏਅਰ ਇੰਡੀਆ ਵਿੱਚ ਏਅਰਹੋਸਟੈੱਸ ਸੀ। ਇਸ ਤੋਂ ਪਹਿਲਾਂ ਉਹ ਵਿਸਤਾਰਾ ਏਅਰਲਾਈਨਜ਼ ‘ਚ ਕੰਮ ਕਰ ਚੁੱਕੀ ਸੀ।



