
ਬਠਿੰਡਾ, 18 ਜਨਵਰੀ- ਪਿੰਡ ਪਥਰਾਲਾ ਨਾਲ ਸਬੰਧਤ ਮਜ਼ਦੂਰ ਔਰਤ ਨੇ ਪੁਲਿਸ ’ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼ ਲਾਏ ਹਨ। ਪੀੜਤ ਪਰਿਵਾਰ ਦੀ ਕਿਧਰੇ ਸੁਣਵਾਈ ਨਾ ਹੋਣ ਤੋਂ ਬਾਅਦ ਉਨ੍ਹਾਂ ਦਲਿਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਗਹਿਰੀ ਨਾਲ ਸੰਪਰਕ ਕੀਤਾ। ਪੁਲਿਸ ਵੱਲੋਂ ਔਰਤ ਦੀ ਐਨੀ ਕੁੱਟਮਾਰ ਕੀਤੀ ਗਈ ਹੈ ਕਿ ਪਰਿਵਾਰਕ ਮੈਂਬਰ ਉਕਤ ਔਰਤ ਨੂੰ ਮੋਢਿਆਂ ’ਤੇ ਚੁੱਕ ਕੇ ਐੱਸਐੱਸਪੀ ਦਫ਼ਤਰ ਪੁੱਜੇ। ਵਾਲਮੀਕਿ ਸਮਾਜ ਨਾਲ ਸਬੰਧਤ ਸੋਨੀਆ ਕੌਰ ਪਤਨੀ ਸਨੀ ਨੇ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਦੀ ਆਗਵਾਈ ’ਚ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੱਸਿਆ ਕਿ ਪਥਾਰਾਲਾ ਦੇ ਇਕ ਪਰਿਵਾਰ ਦੇ ਘਰ ਉਹ ਪਿਛਲੇ ਅੱਠ ਨੌ ਸਾਲ ਤੋਂ ਝਾੜੂ ਪੋਚੇ ਦਾ ਕੰਮ ਕਰਦੀ ਹੈ। ਪਿਛਲੇ ਦਿਨੀਂ ਜਦੋਂ ਕੰਮ ਕਰਨ ਲਈ ਉਕਤ ਵਿਅਕਤੀ ਦੇ ਘਰ ਗਈ ਤਾਂ ਉਨ੍ਹਾਂ 50 ਹਜ਼ਾਰ ਰੁਪਏ ਦੀ ਚੋਰੀ ਦਾ ਇਲਜ਼ਾਮ ਲਾ ਕੇ ਉਸ ਦੀ ਕੁੱਟਮਾਰ ਕੀਤੀ ਤੇ ਬਾਅਦ ’ਚ ਪੁਲਿਸ ਚੌਕੀ ਪਥਰਾਲਾ ਦੇ ਹਵਾਲੇ ਕਰ ਦਿੱਤਾ ਗਿਆ। ਪੀੜਤਾ ਨੇ ਐੱਸਐੱਸਪੀ ਨੂੰ ਦੱਸਿਆ ਕਿ ਉੱਥੇ ਚੌਕੀ ਇੰਚਾਰਜ ਨੇ ਸੋਨੀਆ ਦੇ ਪੈਰਾਂ ਦੀਆਂ ਤਲੀਆ ’ਤੇ ਡਾਂਗਾਂ ਮਾਰੀਆਂ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਪੀੜਤ ਸੋਨੀਆ ਪਿਛਲੇ ਤਿੰਨ ਦਿਨ ਤੋਂ ਸਰਕਾਰੀ ਹਸਪਤਾਲ ਦਾਖ਼ਲ ਰਹੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਗਹਿਰੀ ਨੇ ਦੱਸਿਆ ਕਿ ਅੱਜ ਉਸ ਦੇ ਪਤੀ ਤੇ ਪਰਿਵਾਰਕ ਮੈਂਬਰ ਪੀੜਤ ਨੂੰ ਚੁੱਕ ਕੇ ਲਿਆਏ, ਕਿਉਂਕਿ ਕੁੱਟਮਾਰ ਕਾਰਨ ਉਸ ਦੇ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ ਸਨ। ਗਹਿਰੀ ਨੇ ਕਿਹਾ ਕਿ ਦਲਿਤ ਸਮਾਜ ਖ਼ਿਲਾਫ਼ ਦਰਖ਼ਾਸਤ ਹੋਵੇ ਤਾਂ ਪਹਿਲਾਂ ਪਰਚਾ ਦਰਜ ਹੁੰਦਾ ਫਿਰ ਪੜਤਾਲ ਹੁੰਦੀ ਹੈ। ਜੇਕਰ ਦਲਿਤਾਂ ’ਤੇ ਜੁਲਮ ਹੋਵੇ ਕਈ ਦਿਨ ਦੋਸ਼ੀਆਂ ਨੂੰ ਬਚਾਉਣ ਲਈ ਪੜਤਾਲ ਹੀ ਹੁੰਦੀ ਰਹਿੰਦੀ ਹੈ, ਪਰ ਪਰਚਾ ਦਰਜ ਨਹੀਂ ਹੁੰਦਾ। ਐੱਸਐੱਸਪੀ ਨੇ ਐੱਸਪੀ ਤੇ ਮਹਿਲਾ ਥਾਣੇਦਾਰ ਨੂੰ ਦਰਖ਼ਾਸਤ ਮਾਰਕ ਕਰ ਕੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ। ਗਹਿਰੀ ਨੇ ਦੱਸਿਆ ਇਹ ਮਾਮਲਾ ਐਸਸੀ ਐਕਟ ਦੀ ਐਫਆਈਆਰ ਦਰਜ ਕਰ ਕੇ ਇਨਸਾਫ਼ ਦੇਣ ਦਾ ਹੈ। ਇਸ ਦੀ ਸ਼ਿਕਾਇਤ ਐੱਸਸੀ ਕਮਿਸ਼ਨ ਤੇ ਮਹਿਲਾ ਕਮਿਸ਼ਨ ਨੂੰ ਵੀ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਤੇ ਹੋਰ ਦਲਿਤ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।



