Punjab

ਲੁਧਿਆਣਾ ‘ਚ ਦੋ ਹਫਤਿਆਂ ‘ਚ ਹੋਈ 9ਵਾਰ ਫਾਇਰਿੰਗ

ਲੁਧਿਆਣਾ, 21 ਦਸੰਬਰ : ਪਿਛਲੇ 15 ਦਿਨਾਂ ਤੋਂ ਲੁਧਿਆਣਾ ਵਿੱਚ ਖੌਫ ਦਾ ਮਾਹੌਲ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਵਿੱਚ ਦੋ ਹਫਤਿਆਂ ਦੇ ਅੰਦਰ 9 ਵਾਰ ਫਾਇਰਿੰਗ ਹੋ ਚੁੱਕੀ ਹੈ। 6ਦਸੰਬਰ ਤੋਂ ਲੈ ਕੇ 20 ਦਸੰਬਰ ਤੱਕ ਕਿਸੇ ਨਾ ਕਿਸੇ ਮਸਲੇ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਗੋਲੀਆਂ ਚੱਲਣ ਦੀ ਗੂੰਜ ਸੁਣਾਈ ਦੇ ਰਹੀ ਹੈ। ਮੈਨਚੈਸਟਰ ਦੇ ਨਾਮ ਨਾਲ ਜਾਣੇ ਜਾਣ ਵਾਲੇ ਮਹਾਨਗਰ ਨੇ ਕਦੇ ਪੂਰੇ ਵਿਸ਼ਵ ਵਿੱਚ ਉਦੋਗਿਕ ਸ਼ਹਿਰ ਵਜੋਂ ਪਛਾਣ ਬਣਾਈ ਹੋਈ ਸੀ ਪਰ ਅੱਜ ਕੱਲ੍ਹ ਅਪਰਾਧਿਕ ਵਾਰਦਾਤਾਂ ਦੇ ਚਲਦੇ ਲੁਧਿਆਣਾ ਹਰ ਥਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਝਾਤੀ ਮਾਰੀਏ ਪਿਛਲੇ 15 ਦਿਨਾਂ ਤੇ ਤਾਂ ਸਾਹਮਣੇ ਆਵੇਗਾ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਵਿਫਟ ਕਾਰ ਸਵਾਰ ਕੁਝ ਵਿਅਕਤੀਆਂ ਨੇ ਸਾਬਕਾ ਸਰਪੰਚ ਦੇ ਪੁੱਤਰ ਬਿਕਰਮਜੀਤ ਸਿੰਘ ਉੱਪਰ ਸਿੱਧੀ ਗੋਲੀ ਚਲਾ ਦਿੱਤੀ। ਇਹ ਘਟਨਾ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਚਾਹੜਾਂ ਵਿੱਚ ਉਸ ਵੇਲੇ ਵਾਪਰੀ ਜਦੋਂ ਈ ਰਿਕਸ਼ਾ ਚਲਾਉਣ ਵਾਲਾ ਬਿਕਰਮਜੀਤ ਸਵਾਰੀ ਲੈ ਕੇ ਜਾ ਰਿਹਾ ਸੀ। ਸਵਿਫਟ ਕਾਰ ਸਵਾਰ ਵਿਅਕਤੀਆਂ ‘ਚੋਂ ਇੱਕ ਨੇ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਅਤੇ ਬਿਕਰਮਜੀਤ ਉੱਪਰ ਸਿੱਧੀ ਗੋਲੀ ਚਲਾ ਦਿੱਤੀ। ਗੋਲੀ ਬਿਕਰਮਜੀਤ ਦੇ ਆਟੋ ਦੇ ਸ਼ੀਸ਼ੇ ‘ਤੇ ਲੱਗੀ ਅਤੇ ਉਹ ਵਾਲ-ਵਾਲ ਬਚ ਗਿਆ। ਥਾਣਾ ਲਾਡੋਵਾਲ ਦੀ ਪੁਲਿਸ ਨੇ ਇਸ ਕੇਸ ਵਿੱਚ ਐਫਆਈਆਰ ਦਰਜ ਕਰ ਲਈ ਸੀ। ਇਸੇ ਹੀ ਰਾਤ ਲਾਡੋਵਾਲ ਟੋਲ ਪਲਾਜ਼ਾ ਤੇ ਫਾਇਰਿੰਗ ਹੋ ਗਈ। ਕਾਰ ਸਵਾਰ ਨੌਜਵਾਨ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਵਾਪਸ ਬਟਾਲਾ ਰਹੇ ਸਨ। ਜਿਵੇਂ ਹੀ ਉਹ ਟੋਲ ਪਲਾਜ਼ਾ ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਨੌਜਵਾਨਾਂ ‘ਚੋਂ ਇੱਕ ਨੇ ਆਪਣੀ ਪਿਸਤੌਲ ਨਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ‘ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਥਾਣਾ ਲਾਡੋਵਾਲ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਅਤੇ ਪਿੰਡ ਘੋਹਾ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਅਮਿਤਪਾਲ ਸਿੰਘ, ਧਾਰੀਵਾਲ ਦੇ ਵਾਸੀ ਅਦਿਤਿਆ ਮੋਹਨ ਤੇ ਬਟਾਲਾ ਦੇ ਰਹਿਣ ਵਾਲੇ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ। ਸ਼ਹਿਰ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ।

ਪਤਨੀ ਨਾਲ ਝਗੜੇ ਤੋਂ ਬਾਅਦ ਕੀਤੇ ਫਾਇਰ

ਦੋ ਦਿਨਾਂ ਬਾਅਦ ਜਮਾਲਪੁਰ ਸਥਿਤ ਬਾਬਾ ਜੀ ਕਲੋਨੀ ਵਿੱਚ ਪਤਨੀ ਨਾਲ ਹੋਈ ਤਕਰਾਰ ਤੋਂ ਬਾਅਦ ਵਿਅਕਤੀ ਨੇ ਗੋਲੀ ਚਲਾ ਦਿੱਤੀ। ਨਸ਼ੇ ਦੀ ਹਾਲਤ ਵਿੱਚ ਪਤਨੀ ਨੇ ਜਦ ਘਰ ਅੰਦਰ ਦਾਖਲ ਨਾ ਹੋਣ ਦਿੱਤਾ ਤਾਂ ਮੁਲਜ਼ਮ ਨੇ ਗੈਰ ਕਾਨੂੰਨੀ ਹਥਿਆਰ ਦੀ ਵਰਤੋਂ ਕਰਦਿਆਂ ਗੋਲੀ ਚਲਾ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਕਾਰਵਾਈ ਕਰਦਿਆਂ ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜਮ ਲਵਪ੍ਰੀਤ ਨੂੰ ਹਿਰਾਸਤ ਵਿੱਚ ਲੈ ਕੇ ਉਸਦੇ ਕਬਜ਼ੇ ‘ਚੋਂ ਗੈਰ ਕਾਨੂੰਨੀ ਅਸਲਾ ਬਰਾਮਦ ਕੀਤਾ। ਉਸ ਵੇਲੇ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸਨੂੰ ਇਹ ਅਸਲਾ ਇੱਕ ਖਾਲੀ ਪਲਾਟ ਤੋਂ ਮਿਲਿਆ ਸੀ। ਪਰ ਪੁਲਿਸ ਮੁਲਜਮ ਦੀ ਇਸ ਦਲੀਲ ਨਾਲ ਸਹਿਮਤ ਨਹੀਂ ਸੀ। 9 ਦਸੰਬਰ ਨੂੰ ਥਾਣਾ ਪੀਏਯੂ ਦੇ ਅਧੀਨ ਆਉਂਦੇ ਕਬੀਰ ਨਗਰ ਵਿੱਚ ਵੀ ਗੋਲੀ ਚੱਲ ਗਈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਬੀਰ ਨਗਰ ਦੇ ਵਾਸੀ ਸੁਖਵੰਤ ਸਿੰਘ ਨੇ ਦੱਸਿਆ ਕਿ ਕੀ ਰਾਤ ਉਹ ਆਪਣੀ ਸਕਾਰਪੀਓ ਕਾਰ ਤੇ ਸਵਾਰ ਹੋ ਕੇ ਆਪਣੇ ਦੋਸਤਾਂ ਨਾਲ ਕੁਹਾੜਾ ਤੋਂ ਆਪਣੇ ਘਰ ਵਾਪਸ ਆਇਆ ਸੀ। ਇਸੇ ਦੌਰਾਨ ਘਰ ਦੇ ਬਿਲਕੁਲ ਬਾਹਰ ਸੁਖਵਿੰਦਰ ਸਿੰਘ ਨੰਬਰਦਾਰ ਦੀ ਗੱਡੀ ਖੜੀ ਸੀ। ਗੱਡੀ ਇੱਕ ਪਾਸੇ ਕਰਨ ਦੀ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਮਾਮੂਲੀ ਬਹਿਸ ਹੋ ਗਈ ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਨੇ ਆਪਣੀ ਰਾਈਫਲ ਨਾਲ ਗੋਲੀ ਚਲਾ ਦਿੱਤੀ।

ਸੁਨਿਆਰੇ ਤੋਂ ਫਿਰੌਤੀ ਲੈਣ ਆਏ ਗੈਂਗਸਟਰ ਨੇ ਪੁਲਿਸ ‘ਤੇ ਚਲਾਈ ਗੋਲੀ, ਜਵਾਬੀ ਫਾਇਰਿੰਗ ਵਿੱਚ ਮੁਲਜਮ ਹੋਇਆ ਫੱਟੜ

12 ਦਸੰਬਰ ਦੀ ਰਾਤ ਨੂੰ ਸਮਰਾਲਾ ਚੌਂਕ ਚੋਂ ਇੱਕ ਸੁਨਿਆਰੇ ਕੋਲੋਂ ਫਿਰੌਤੀ ਲੈਣ ਆਏ ਗੈਂਗਸਟਰ ਨੇ ਪੁਲਿਸ ਪਾਰਟੀ ਵੱਲ ਦੇਖਦੇ ਹੀ ਉਹਨਾਂ ਉੱਪਰ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਦੇ ਦੌਰਾਨ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਹ ਫੱਟੜ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਦਾਖਲ ਕਰਵਾਇਆ ਅਤੇ ਥਾਣਾ ਡਿਵੀਜ਼ਨ ਨੰਬਰ ਸੱਤ ਵਿੱਚ ਐਫਆਈਆਰ ਦਰਜ ਕੀਤੀ। ਇਸੇ ਤਰ੍ਹਾਂ 17 ਦਸੰਬਰ ਨੂੰ ਟਿੱਬਾ ਰੋਡ ਦੇ ਸਵਤੰਤਰ ਨਗਰ ਇਲਾਕੇ ਵਿੱਚ ਫਾਇਰਿੰਗ ਕਰਕੇ ਮੁਲਜਮਾਂ ਨੇ ਦਹਿਸ਼ਤ ਫੈਲਾ ਦਿੱਤੀ। ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਇਸੇ ਦੌਰਾਨ ਇੱਕ ਹੋਰ ਘਟਨਾ ਸਾਹਮਣੇ ਆਈ। ਥਾਣਾ ਸਦਰ ਦੀ ਪੁਲਿਸ ਨੇ ਫਰੀਦਕੋਟ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਅਤੇ ਲੁਧਿਆਣਾ ਦੇ ਰਘਬੀਰ ਪਾਰਕ ਜੱਸੀਆਂ ਰੋਡ ਦੇ ਵਾਸੀ ਹਰਜਿੰਦਰ ਸਿੰਘ ਨੂੰ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਜਾਣਕਾਰੀ ਦਿੰਦਿਆਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਜਸ ਕਿਰਨਜੀਤ ਸਿੰਘ ਨੇ ਦੱਸਿਆ ਸੀ ਕਿ ਦੋਵਾਂ ਮੁਲਜਮਾਂ ਨੇ ਪੱਖੋਵਾਲ ਰੋਡ ਤੇ ਕੁਝ ਦਿਨ ਪਹਿਲੋਂ ਉਜਬੇਕਿਸਤਾਨ ਦੀ ਰਹਿਣ ਵਾਲੀ ਨਾਜ਼ੋਕਾਟ ਸਪਾਰੋਵਾ ਦੀ ਛਾਤੀ ਵਿੱਚ ਇਸ ਲਈ ਗੋਲੀ ਮਾਰ ਦਿੱਤੀ ਸੀ ਕਿ ਉਸਨੇ ਮੁਲਜਮਾਂ ਦੇ ਨਾਲ ਜਾਣ ਤੋਂ ਇਨਕਾਰ ਕੀਤਾ ਸੀ।

ਚੋਣਾਂ ਦੀ ਜਿੱਤ ਤੋਂ ਬਾਅਦ ਕੋਈ ਫਾਇਰਿੰਗ

ਲੁਧਿਆਣਾ ਦੇ ਬਚਿੱਤਰ ਨਾਗਰੇ ਇਲਾਕੇ ਵਿੱਚ 18 ਦਸੰਬਰ ਦੀ ਸ਼ਾਮ ਨੂੰ ਉਸ ਵੇਲੇ ਜ਼ਬਰਦਸਤ ਫਾਇਰਿੰਗ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਬਲਾਕ ਸੰਮਤੀ ਚੋਣ ਦੀ ਜਿੱਤ ਤੋਂ ਬਾਅਦ ਰੋਡ ਮਾਰਚ ਕੱਢ ਰਹੇ ਸਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੋਈ ਇਸ ਝੜਪ ਦੇ ਦੌਰਾਨ ਡੇਢ ਦਰਜਨ ਤੋਂ ਵੱਧ ਗੋਲੀਆਂ ਚੱਲੀਆਂ। ਇਸ ਘਟਨਾ ਦੇ ਦੌਰਾਨ ਗੁਰਮੁਖ ਸਿੰਘ ਰਵਿੰਦਰ ਸਿੰਘ, ਮਨਦੀਪ ਸਿੰਘ , ਨਿਹੰਗ ਗੁਰਦੀਪ ਸਿੰਘ ਅਤੇ ਦੂਸਰੀ ਧਿਰ ਕਾਂਗਰਸ ਦੇ ਸਾਬਕਾ ਸਰਪੰਚ ਊਧਮ ਸਿੰਘ ਫੱਟੜ ਹੋ ਗਏ। 20 ਦਸੰਬਰ ਨੂੰ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ ਮੁੰਡੀਆਂ ਇਲਾਕੇ ਵਿੱਚ ਇੱਕ ਵਿਅਕਤੀ ਨੇ ਘਰ ਦੇ ਬਾਹਰ ਬੈਠੀ ਆਪਣੀ ਸੱਸ ਪੂਨਮ ਉੱਪਰ ਗੋਲੀ ਚਲਾ ਦਿੱਤੀ। ਗੋਲੀ ਔਰਤ ਦੇ ਸਿਰ ਵਿੱਚ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਜਮਾਲਪੁਰ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ। ਸ਼ਹਿਰ ਵਿੱਚ ਲਾਈਸੈਂਸੀ ਅਤੇ ਗੈਰ ਕਾਨੂੰਨੀ ਅਸਲੇ ਦੀ ਦੁਰਵਰਤੋ ਧੜੱਲੇ ਨਾਲ ਹੋ ਰਹੀ ਹੈ। ਦੇਖਣਾ ਇਹ ਹੈ ਕਿ ਲੁਧਿਆਣਾ ਪੁਲਿਸ ਇਸ ਅਤੀ ਗੰਭੀਰ ਮਸਲੇ ਨਾਲ ਨਜਿੱਠਣ ਲਈ ਕੀ ਕਦਮ ਚੁੱਕਦੀ ਹੈ।

Related Articles

Leave a Reply

Your email address will not be published. Required fields are marked *

Back to top button