Punjab

ਰੈਬੀਜ਼ ਪੀੜਤ ਨਿਕਲਿਆ ਲੁਧਿਆਣਾ ’ਚ 15 ਜਣਿਆਂ ਨੂੰ ਵੱਢ ਕੇ ਮਰਿਆ ਕੁੱਤਾ

ਲੁਧਿਆਣਾ, 18 ਦਸੰਬਰ : ਮਾਡਲਗ੍ਰਾਮ ਸਥਿਤ ਗਾਂਧੀ ਕਾਲੋਨੀ ਵਿਚ ਐਤਵਾਰ ਨੂੰ ਬੱਚੇ ਸਣੇ 15 ਜਣਿਆਂ ਨੂੰ ਵੱਢਣ ਵਾਲਾ ਕੁੱਤਾ ਰੈਬਿਜ਼ ਰੋਗ ਤੋਂ ਪੀੜਤ ਸੀ। ਗੁਰੂ ਅੰਗਦ ਦੇਵ ਪਸ਼ੂ ਇਲਾਜ ਤੇ ਵਿਗਿਆਨ ਯੂਨੀਵਰਸਿਟੀ (ਗਡਵਾਸੂ) ਦੀ ਪੋਸਟਮਾਰਟਮ ਰਿਪੋਰਟ ਬੁੱਧਵਾਰ ਨੂੰ ਨਗਰ ਨਿਗਮ ਨੂੰ ਸੌਂਪੀ ਗਈ। ਇਸ ਰਿਪੋਰਟ ਵਿਚ ਮਰੇ ਕੁੱਤੇ ਨੂੰ ਰੈਬਿਜ਼ ਹੋਣ ਬਾਰੇ ਪੁਸ਼ਟੀ ਹੋ ਗਈ ਹੈ। ਨਿਗਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੁਣ ਸਾਰੇ ਪੀੜਤਾਂ ਨੂੰ ਐਂਟੀ ਰੈਬੀਜ਼ ਟੀਕੇ ਲਾਉਣੇ ਜ਼ਰੂਰੀ ਹੋਣਗੇ, ਜਦਕਿ ਜ਼ਖ਼ਮੀ ਲੋਕਾਂ ਨੂੰ ਇਮਿਊਗਲੋਬੁਲਿਨ ਵੀ ਦਿੱਤੀ ਜਾਵੇਗੀ। ਬੀਤੇ ਐਤਵਾਰ ਨੂੰ ਸਵੇਰ ਵੇਲੇ ਇਕ 11 ਸਾਲਾ ਬੱਚੇ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਕਰਨ ਤੋਂ ਬਾਅਦ ਲੜੀਵਾਰ 14 ਜਣੇ ਇਸ ਬਿਮਾਰ ਕੁੱਤੇ ਨੇ ਵੱਢੇ ਸਨ। ਨਿਗਮ ਦੀ ਟੀਮ ਨੇ ਦੁਪਹਿਰ ਪਿੱਛੋਂ ਕੁੱਤਾ ਕਾਬੂ ਕਰ ਕੇ ਏਬੀਸੀ ਸੈਂਟਰ ਪਹੁੰਚਾ ਦਿੱਤਾ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।

ਵਰਤਣੀਆਂ ਪੈਣਗੀਆਂ ਇਹ ਸਾਵਧਾਨੀਆਂ : ਵੈਟਰਨਰੀ ਡਾ. ਰਾਜੀਵ ਮੁਤਾਬਕ ਜੇ ਕਿਸੇ ਵਿਅਕਤੀ ਨੂੰ ਕੁੱਤੇ ਨੇ ਮੋਢੇ ਤੋਂ ਹੇਠਾਂ ਦੇ ਅੰਗਾਂ ਜਿਵੇਂ ਹੱਥ, ਬਾਂਹ, ਛਾਤੀ, ਪੇਟ, ਲੱਕ ਜਾਂ ਲੱਤਾਂ ’ਤੇ ਵੱਢਿਆ ਹੋਵੇ ਤਾਂ ਉਨ੍ਹਾਂ ਨੂੰ ਐਂਟੀ ਰੈਬੀਜ਼ ਪੋਸਟ ਬਾਈਟ ਵੈਕਸੀਨੇਸ਼ਨ ਲਾਉਣੀ ਚਾਹੀਦੀ ਹੈ। ਇਹ ਪ੍ਰਕਿਰਿਆ ਪੰਜ ਟੀਕਿਆਂ ਦਾ ਮੁਕੰਮਲ ਕੋਰਸ ਹੁੰਦੀ ਹੈ। ਇਸ ਦੇ ਨਾਲ ਹੀ ਟੈੱਟਨਸ ਦਾ ਟੀਕਾ ਲਾਉਣਾ ਜ਼ਰੂਰੀ ਹੁੰਦਾ ਹੈ। ਜੇ ਮੋਢੇ ਦੇ ਹੇਠਲੇ ਅੰਗਾਂ ’ਤੇ ਜ਼ਖ਼ਮ ਹੋਵੇ ਤਾਂ ਮੈਡੀਕਲ ਅਫਸਰ ਦੀ ਸਲਾਹ ਨਾਲ ਸੀਰਮ ਦਾ ਟੀਕਾ ਲਗਾਉਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਕੁੱਤੇ ਨੇ ਮੋਢੇ ਤੋਂ ਉੱਪਰ ਦੇ ਅੰਗਾਂ ’ਤੇ ਵੱਢਿਆ ਹੋਵੇ ਤਾਂ ਉਨ੍ਹਾਂ ਨੂੰ ਟੈੱਟਨਸ, ਐਂਟੀ ਰੈਬਿਜ਼ ਵੈਕਸੀਨ ਦੇ ਨਾਲ ਹੀ ਹਾਈਪਰ ਸੀਰਮ ਦਾ ਟੀਕਾ ਲਵਾਉਣਾ ਚਾਹੀਦਾ ਹੈ। ਹਾਈਪਰ ਸੀਰਮ ਦੇ ਟੀਕੇ ਨਾਲ ਰੈਬਿਜ਼ ਵਾਇਰਸ ਨੂੰ ਉਥੇ ਨਸ਼ਟ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button