
ਬਠਿੰਡਾ, 18 ਦਸੰਬਰ : ਥਾਣਾ ਫੂਲ ਅਧੀਨ ਪੈਂਦੇ ਪਿੰਡ ਸੇਲਬਰਾਹ ਅਤੇ ਧਿੰਗੜ ਦੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ’ਤੇ ਅਸਲੇ ਨਾਲ ਵੀਡੀਓ ਅਤੇ ਫੋਟੋਆਂ ਅਪਲੋਡ ਕਰਨੀਆਂ ਉਸ ਸਮੇਂ ਮਹਿੰਗੀਆਂ ਪੈ ਗਈਆਂ ਜਦ ਪੁਲਸ ਨੇ ਨੌਜਵਾਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਪਹਿਲੇ ਮਾਮਲੇ ਵਿਚ ਸਹਾਇਕ ਥਾਣੇਦਾਰ ਵਿਸ਼ਨੂੰ ਦਾਸ ਨੇ ਦੱਸਿਆ ਕਿ ਪਿੰਡ ਸੇਲਬਰਾਹ ਵਿਖੇ ਪਿੰਡ ਦੇ ਹੀ ਗੁਰਪ੍ਰੀਤ ਸਿੰਘ, ਕਾਲਾ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਿਸੇ ਸਮਾਗਮ ਦੌਰਾਨ ਅਸਲੇ ਨਾਲ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿਤੀਆਂ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਧਿੰਗੜ੍ਹ ਨੇ ਵੀ ਆਪਣੀਆਂ ਫੋਟੋਆਂ ਅਤੇ ਵੀਡੀਓ ਅਸਲੇ ਨਾਲ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀਆਂ ।ਪੁਲਿਸ ਨੇ ਦੋਹਾਂ ਹੀ ਮਾਮਲਿਆਂ ਵਿਚ ਉਕਤ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਮੈਡਮ ਅਮਨੀਤ ਕੌਂਡਲ ਵੱਲੋਂ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਹਥਿਆਰਾਂ ਦੀ ਨੁਮਾਇਸ਼ ਕਰਨ ਲਈ ਕੋਈ ਵੀ ਵਿਅਕਤੀ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਨਾ ਕਰੇ, ਇਸ ਨਾਲ ਨੌਜਵਾਨਾਂ ਨੂੰ ਗਲਤ ਸੰਦੇਸ਼ ਜਾਂਦਾ ਹੈ ਅਤੇ ਜੇਕਰ ਕੋਈ ਅਜਿਹੀ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਂਦਾ ਹੈ ਤਾਂ ਉਸ ’ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਇਸੇ ਕੜ੍ਹੀ ਤਹਿਤ ਹੀ ਉਕਤ ਵਿਅਕਤੀਆਂ ’ਤੇ ਕਾਰਵਾਈ ਹੋਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸਮਾਗਮ ਦੌਰਾਨ ਅਸਲੇ ਨਾਲ ਸੋਸ਼ਲ ਮੀਡੀਆ ’ਤੇ ਫੋਟੋ ਜਾਂ ਵੀਡੀਓ ਨਾ ਪਾਈ ਜਾਵੇ।



