
ਤਪਾ ਮੰਡੀ, 16 ਦਸੰਬਰ : ਤਪਾ ਮੰਡੀ ਅੰਦਰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਕਾਰ ਤੇ ਟਰੱਕ ਦੀ ਹੋਈ। ਭਿਆਨਕ ਟੱਕਰ ‘ਚ ਕਾਰ ਸਵਾਰ ਤਪਾ ਦੇ ਇੱਕ ਪਰਿਵਾਰ ਦੇ ਦੋ ਜੀਆਂ ਜੋ ਰਿਸ਼ਤੇ ਵਿਚ ਮਾਂ ਧੀ ਸਨ ਦੀ ਮੌਤ ਹੋ ਗਈ, ਜਦ ਕਿ ਮ੍ਰਿਤਕ ਬੱਚੀ ਦਾ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੰਗਲੇਸ਼ ਗਰਗ ਪੁੱਤਰ ਨਰੇਸ਼ ਕੁਮਾਰ ਨਿਵਾਸੀ ਮਾਡਲ ਟਾਊਨ ਤਪਾ ਆਪਣੀ ਪਤਨੀ ਵਿਸ਼ੈਲੀ ਅਤੇ ਬੇਟੀ ਮਾਇਰਾ (2) ਸਮੇਤ ਕਾਰ ‘ਚ ਸਵਾਰ ਹੋ ਕੇ ਬਰਨਾਲਾ ਤੋਂ ਤਪਾ ਪਰਤ ਰਹੇ ਸਨ। ਜਦ ਉਹ ਮੁੱਖ ਮਾਰਗ ਤੇ ਘੁੰਨਸ ਡਰੇਨ ਨਜ਼ਦੀਕ ਪੁੱਜੇ ਤਾਂ ਕਾਰ ਦੀ ਅੱਗੇ ਜਾ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਕਾਰ ‘ਚ ਸਵਾਰ ਤਿੰਨੋ ਜਣੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਮੌਕੇ ਤੇ ਪੁੱਜੇ, ਜਿੰਨਾ ਜ਼ਖਮੀਆਂ ਨੂੰ ਚੁੱਕ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ, ਜਿੱਥੇ ਬੱਚੀ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਗੰਭੀਰ ਜ਼ਖਮੀ ਪਤੀ ਪਤਨੀ ਨੂੰ ਮੁਢਲੀ ਸਹਾਇਤਾ ਦੇ ਕੇ ਲੁਧਿਆਣਾ ਰੈਫਰ ਕਰ ਦਿੱਤਾ। ਜਿੱਥੇ ਪਤਨੀ ਨੇ ਦਮ ਤੋੜ ਦਿੱਤਾ, ਜਦ ਕਿ ਪਤੀ ਡੀ.ਐਮ.ਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ, ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਉਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਸਨ। ਜਿਨਾਂ ਦੱਸਿਆ ਕਿ ਹਾਦਸੇ ਦੇ ਮੁੱਖ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਜਿਸ ਸਬੰਧੀ ਉਹਨਾਂ ਵੱਲੋਂ ਡੂੰਘਾਈ ਨਾਲ ਪੜਤਾਲ ਜਾਰੀ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਤਪਾ ਸ਼ਹਿਰ ‘ਚ ਸੋਗ ਦੀ ਲਹਿਰ ਦੌੜ ਗਈ।



