
ਫ਼ਿਰੋਜ਼ਪੁਰ, 30 ਨਵੰਬਰ (ਬਾਲ ਕਿਸ਼ਨ)– ਪੰਜਾਬ ਵਿੱਚ ਮੌਸਮ ਵਿਭਾਗ ਨੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ, ਜਿਸ ਕਰਕੇ ਜਿੱਥੇ ਹਾਦਸਿਆਂ ਤੋਂ ਬਚਾਅ ਅਤੇ ਸਿਹਤ ਸੰਭਾਲ ਵੱਲ ਧਿਆਨ ਦੇਣਾ ਜ਼ਰੂਰੀ ਹੈ, ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਦਿਲ ਦੇ ਮਰੀਜ਼ਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਿਕ ਸੋਈ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਵਿਭਾਗ ਪੰਜਾਬ ਕਾਂਗਰਸ (ਫ਼ਿਰੋਜ਼ਪੁੁਰ) ਨੇ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਦੇ ਅਨੁਸਾਰ ਸਰਦੀਆਂ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬੱਚਣ ਲਈ ਜਿੱਥੇ ਸਾਵਧਾਨੀਆਂ ਵਰਤਣੀਆਂ ਜ਼ਰੂੁਰੀ ਹੈ, ਉੱਥੇ ਖਾਂਸੀ, ਬੁਖ਼ਾਰ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ’ਤੇ ਤੁਰੰਤ ਡਾਕਟਰ ਦੀ ਸਲਾਹ ਲਓ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦੇ ਮੌਸਮ ’ਚ ਧੁੰਦ ਵੱਧ ਜਾਵੇਗੀ, ਜੋ ਕਿ ਸੜਕ ਹਾਦਸਿਆਂ ਨੂੰ ਸੱਦਾ ਦੇਵੇਗੀ, ਇਸ ਲਈ ਧੁੰਦਾਂ ਦੇ ਮੌਸਮ ’ਚ ਵਾਹਨਾਂ ਨੂੰ ਧਿਆਨ ਨਾਲ ਚਲਾਓ ਤੇ ਵਾਹਨਾਂ ਦੀ ਲਾਈਟਾਂ ਦਰੁਸਤ ਰੱਖੋਂ ਅਤੇ ਸੜਕੀਂ ਨਿਯਮਾਂ ਅਨੁਸਾਰ ਹੀ ਵਾਹਨ ਚਲਾਓ ਤਾਂ ਜੋ ਸੜਕੀਂ ਹਾਦਸਿਆਂ ਤੋਂ ਬਚਿਆ ਜਾ ਸਕੇ। ਮਾਨਿਕ ਸੋਈ ਨੇ ਕਿਹਾ ਕਿ ਸਮਾਜ ਸੇਵੀ ਆਗੁੂਆਂ ਨੂੰ ਨਾਲ ਲੈ ਕੇ ਵਾਹਨਾਂ ਅਤੇ ਆਵਾਰਾ ਪਸ਼ੂਆਂ ’ਤੇ ਰਿਫਲੈਕਟਰ ਲਗਾਉਣ ਦੀ ਮੁੁਹਿੰਮ ਜਲਦ ਚਲਾਈ ਜਾਵੇਗੀ।



