
ਅੰਮ੍ਰਿਤਸਰ, 29 ਨਵੰਬਰ : ਥਾਣਾ ਬਿਆਸ ਦੇ ਹਸਨਪੁਰਾ ਦੇ ਵਸਨੀਕ ਸਤਨਾਮ ਸਿੰਘ (60) ਨੂੰ ਪਹਿਲਾਂ ਉਸ ਦੇ ਰਿਸ਼ਤੇਦਾਰ ਨੇ ਅਗਵਾ ਕਰ ਲਿਆ ਫਿਰ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਜੰਗਲ ਵਿਚ ਸੁੱਟ ਦਿੱਤੀ। ਇਹ ਘਟਨਾ ਇਕ ਨਵੰਬਰ ਨੂੰ ਵਾਪਰੀ ਸੀ। ਪਤਾ ਲੱਗਾ ਹੈ ਕਿ ਸੇਵਾ ਮੁਕਤ ਫੌਜੀ ਸਤਨਾਮ ਸਿੰਘ ਘਟਨਾ ਵਾਲੇ ਦਿਨ ਸ਼ਰਾਬ ਪੀਣ ਲਈ ਘਰੋਂ ਪੈਸੇ ਲੈ ਕੇ ਗਿਆ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਹਸਨਵਾਲ ਪਿੰਡ ਦੇ ਵਸਨੀਕ ਪ੍ਰਭਦੀਪ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਜੰਗਲ ਵਿੱਚੋਂ ਲਾਸ਼ ਦੀ ਰਹਿੰਦ-ਖੂੰਹਦ ਵੀ ਬਰਾਮਦ ਕੀਤੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਲਖਬੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਤਨਾਮ ਸਿੰਘ ਫੌਜ ਤੋਂ ਸੇਵਾ ਮੁਕਤ ਸੀ। ਇਕ ਨਵੰਬਰ ਨੂੰ ਸਤਨਾਮ ਸਿੰਘ ਸ਼ਰਾਬ ਪੀਣ ਲਈ ਘਰੋਂ ਪੈਸੇ ਲੈ ਕੇ ਗਿਆ ਸੀ ਤੇ ਵਾਪਸ ਨਹੀਂ ਆਇਆ, ਉਸ ਨੇ ਉਸ ਦੀ ਬਹੁਤ ਭਾਲ ਕੀਤੀ। ਹਾਲਾਕਿ ਜਦੋਂ ਉਹ ਲਾਪਤਾ ਰਿਹਾ ਤਾਂ ਬਿਆਸ ਪੁਲਿਸ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਸ਼ੱਕ ਦੇ ਅਧਾਰ ‘ਤੇ ਉਸ ਨੇ ਪੁਲਿਸ ਨੂੰ ਪ੍ਰਭਦੀਪ ਸਿੰਘ ਬਾਰੇ ਜਾਣਕਾਰੀ ਦਿੱਤੀ। ਜਦੋਂ ਪੁਲਿਸ ਨੇ ਪ੍ਰਭਦੀਪ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ, ਤਾਂ ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿਚ ਸਤਨਾਮ ਸਿੰਘ ਨੂੰ ਕਤਲ ਕਰਨ ਦੀ ਗੱਲ ਕਬੂਲ ਕੀਤੀ। ਪੁਲਿਸ ਨੇ ਹੁਣ ਰਿਪੋਰਟ ਵਿਚ ਸੋਧ ਕਰ ਕੇ ਅਗਵਾ ਤੇ ਕਤਲ ਦੇ ਇਲਜ਼ਾਮ ਸ਼ਾਮਲ ਕਰ ਲਏ ਹਨ।



