
ਕਪੂਰਥਲਾ, 28 ਨਵੰਬਰ : ਕਪੂਰਥਲਾ ਵਿੱਚ ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ 25/11 ਵੱਲੋਂ ਸ਼ੁੱਕਰਵਾਰ ਸਵੇਰ ਤੋਂ ਕਿਲੋਮੀਟਰ ਸਕੀਮ ਦੇ ਟੈਂਡਰ ਦਾ ਬਾਈਕਾਟ ਕਰਦੇ ਹੋਏ ਲੋਕਲ ਬੱਸ ਸਟੈਂਡ ‘ਤੇ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਸੂਬਾ ਉਪ-ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਨੇ ਆਪਣੇ ਉੱਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਉਸ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਦੀ ਪੁਸ਼ਟੀ ਕਰਦੇ ਹੋਏ ਡੀ.ਐਸ.ਪੀ. ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਹੁਣ ਸਥਿਤੀ ਕਾਬੂ ਹੇਠ ਹੈ। ਤਿੰਨ ਥਾਣਿਆਂ ਦੀ ਪੁਲਿਸ ਟੀਮ ਸਮੇਤ ਪੀ.ਸੀ.ਆਰ. ਅਤੇ ਟ੍ਰੈਫਿਕ ਕਰਮਚਾਰੀ ਵੀ ਮੌਕੇ ‘ਤੇ ਮੌਜੂਦ ਹਨ। ਡੀ.ਐਸ.ਪੀ. ਨੇ ਇਹ ਵੀ ਦੱਸਿਆ ਕਿ ਯੂਨੀਅਨ ਦੀ ਹੜਤਾਲ ਦੌਰਾਨ ਯੂਨੀਅਨ ਆਗੂਆਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਵੀ ਹੋਈ ਅਤੇ ਕਪੂਰਥਲਾ ਬੱਸ ਸਟੈਂਡ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਹੱਥੋਪਾਈ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ। ਦੂਜੇ ਪਾਸੇ ਗੁਰਪ੍ਰੀਤ ਸਿੰਘ ਪੰਨੂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ, ਲਾਠੀਚਾਰਜ ਕੀਤਾ, ਯੂਨੀਅਨ ਮੈਂਬਰਾਂ ਦੇ ਮੋਬਾਈਲ ਖੋਹ ਲਏ। ਇੱਕ ਪੁਲਿਸ ਕਰਮਚਾਰੀ ਨੇ ਸਾਡੇ ਕੰਡਕਟਰ ਸਾਥੀ ਨੂੰ ਥੱਪੜ ਮਾਰੇ। ਇੱਥੋਂ ਤੱਕ ਕਿ ਸਿਵਲ ਵਰਦੀ ਵਿੱਚ ਪੁਲਿਸ ਵਾਲਿਆਂ ਨੇ ਸਾਨੂੰ ਗਾਲ੍ਹਾਂ ਵੀ ਕੱਢੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਹ ਸੰਘਰਸ਼ ਅਣਮਿੱਥੇ ਸਮੇਂ ਤੱਕ ਵੀ ਚੱਲ ਸਕਦਾ ਹੈ। ਇਸ ਪ੍ਰਦਰਸ਼ਨ ਵਿੱਚ 200 ਕਰਮਚਾਰੀਆਂ ਨੇ ਹਿੱਸਾ ਲਿਆ। ਦੂਜੇ ਪਾਸੇ ਕਰਮਚਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਯੂਨੀਅਨ ਆਗੂ ਟੈਂਡਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕਰ ਰਹੇ ਹਨ ਅਤੇ ਸਰਕਾਰ ਖਿਲਾਫ਼ ਨਾਅਰੇ ਲਗਾਏ ਜਾ ਰਹੇ ਹਨ। ਪੁਲਿਸ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹਨ ਅਤੇ ਇਹਤਿਆਤ ਵਜੋਂ ਬੱਸ ਸਟੈਂਡ ‘ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਵੀ ਤਾਇਨਾਤ ਕਰ ਦਿੱਤੀ ਗਈ ਹੈ।



