ਫਿਰੋਜ਼ਪੁਰ ਤੋਂ ਦਿੱਲੀ ਲਈ ‘ਵੰਦੇ ਭਾਰਤ’ ਪਹਿਲੇ ਦਿਨ ਹੋਈ ਰਵਾਨਾ
ਉਦਘਾਟਨੀ ਸਮਾਗਮ ’ਚ ਰਵਨੀਤ ਬਿੱਟੂ ਤੇ ਹੋਰ ਆਗੂ ਪਹੁੰਚੇ

ਫਿਰੋਜ਼ਪੁਰ, 8 ਨਵੰਬਰ (ਬਾਲ ਕਿਸ਼ਨ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਣਸੀ ਤੋਂ ਚਾਰ ‘ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿੰਦਿਆਂ ਹੀ ਫਿਰੋਜ਼ਪੁਰ ਤੋਂ ਦਿੱਲੀ ਲਈ ਵੀ ਇਕ ਵੰਦੇ ਭਾਰਤ ਰੇਲ ਟਰੈਕ ’ਤੇ ਗੱਡੀ ਚਲਾਈ। ਫ਼ਿਰੋਜ਼ਪੁਰ ਤੋਂ ਚੱਲੀ ‘ਵੰਦੇ ਭਾਰਤ ਟਰੇਨ ਦੇ ਇਸ ਇਤਿਹਾਸਕ ਪਲ ਮੌਕੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਂਸਦ ਸ਼ੇਰ ਸਿੰਘ ਘੁਬਾਇਆ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਕੇਂਦਰੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਉਚੇਚੇ ਤੌਰ ’ਤੇ ਪਹੁੰਚੇ। ਟਰੇਨ ਦੇ ਉਦਘਾਟਨੀ ਸਮਾਗਮ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਅਤੇ ਦੇਸ਼ ਭਗਤੀ ਨਾਲ ਸਬੰਧਿਤ ਕੁੱਝ ਡਾਂਸ ਵੀ ਪੇਸ਼ ਕੀਤੇ ਗਏ। ਰੇਲਵੇ ਦੇ ਡੀ.ਆਰ.ਐਮ ਨੇ ਦੱਸਿਆ ਕਿ 6 ਘੰਟੇ 40 ਮਿੰਟ ਵਿਚ ਫ਼ਿਰੋਜ਼ਪੁਰ ਤੋਂ ਦਿੱਲੀ ਪਹੁੰਚਣ ਵਾਲੀ ਇਹ ਟਰੇਨ ਰਾਹ ਵਿੱਚ 7 ਸਟੇਸ਼ਨਾਂ ’ਤੇ ਰੁਕੇਗੀ। ਭਾਵੇਂ ਕਿ ਅੱਜ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਕਰ ਦਿੱਤਾ ਗਿਆ ਹੈ, ਪਰ ਇਸ ਟਰੇਨ ਦਾ ਨਿਯਮਤ ਸਫਰ 10 ਨਵੰਬਰ ਤੋਂ ਸ਼ੁਰੂ ਹੋਵੇਗਾ, ਜੋ ਸਵੇਰੇ 7 ਵੱਜ ਕੇ 55 ਮਿੰਟ ’ਤੇ ਫ਼ਿਰੋਜ਼ਪੁਰ ਤੋਂ ਚੱਲ ਕੇ ਦੁਪਹਿਰ 2 ਵਜ ਕੇ 35 ਮਿੰਟ ’ਤੇ ਦਿੱਲੀ ਪਹੁੰਚਿਆ ਕਰੇਗੀ। ਇਸ ਉਪਰੰਤ ਸ਼ਾਮ 4 ਵਜੇ ਦਿੱਲੀ ਤੋਂ ਚੱਲ ਕੇ ਰਾਤ 10 ਵੱਜ ਕੇ 35 ਮਿੰਟ ’ਤੇ ਫ਼ਿਰੋਜ਼ਪੁਰ ਵਾਪਸ ਪਹੁੰਚੇਗੀ। ਇਸ ਟਰੇਨ ਦਾ ਚੇਅਰ ਕਾਰ ਕਿਰਾਇਆ 1415 ਰੁਪਏ ਹੋਵੇਗਾ, ਜਦਕਿ ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 2520 ਰੁਪਏ ਹੋਵੇਗਾ। ਹਫ਼ਤੇ ਵਿੱਚ 6 ਦਿਨ ਚੱਲਣ ਵਾਲੀ ਇਸ ਟਰੇਨ ਦਾ ਬੁੱਧਵਾਰ ਨੂੰ ਨਾਗਾ ਹੋਵੇਗਾ।



