Punjab

ਪੱਤਰਕਾਰ ਦੇ ਅਗਵਾ ਮਾਮਲੇ ਦੀ ਗੁੱਥੀ ਸੁਲਝੀ, ਮੁਲਜ਼ਮ ਗ੍ਰਿਫ਼ਤਾਰ

ਐੱਸਏਐੱਸ ਨਗਰ, 6 ਨਵੰਬਰ : ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐੱਸਏਐੱਸ ਨਗਰ, ਹਰਮਨਦੀਪ ਸਿੰਘ ਹਾਂਸ, ਆਈਪੀਐੱਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਨਵਾਂ ਗਾਉਂ ਸਥਿਤ ਹਮਦਰਦ ਚੈਨਲ ਦੇ ਦਫ਼ਤਰ ਤੋਂ ਅਗਵਾ ਕੀਤੇ ਗਏ ਪੱਤਰਕਾਰ ਗੁਰਪਿਆਰ ਸਿੰਘ ਨੂੰ ਪੁਲਿਸ ਨੇ ਵਾਰਦਾਤ ਦੇ 12 ਘੰਟਿਆਂ ਦੇ ਅੰਦਰ-ਅੰਦਰ ਸਹੀ ਸਲਾਮਤ ਬਰਾਮਦ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ 01 ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਘਟਨਾ ਅਤੇ ਪੁਲਿਸ ਕਾਰਵਾਈ ਦਾ ਵੇਰਵਾ

ਐੱਸਐੱਸਪੀ ਹਾਂਸ ਨੇ ਅੱਗੇ ਦੱਸਿਆ ਕਿ ਚਾਰ ਨਵੰਬਰ ਨੂੰ, ਗੁਰਪਿਆਰ ਸਿੰਘ ਦੀ ਭੈਣ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ, 03 ਨਾ-ਮਾਲੂਮ ਦੋਸ਼ੀਆਂ ਵਿਰੁੱਧ ਥਾਣਾ ਨਵਾਂ ਗਾਉਂ ਵਿਖੇ ਮੁਕੱਦਮਾ ਨੰ: 122 ਦਰਜ ਕੀਤਾ ਗਿਆ ਸੀ। ਬਿਆਨਾਂ ਅਨੁਸਾਰ ਗੁਰਪਿਆਰ ਸਿੰਘ ਜੋ ਕਿ ਇਕ ਟੀਵੀ ਨਿਊਜ਼ ਚੈਨਲ ਦਾ ਨਿਊਜ਼ ਐਂਕਰ/ਪ੍ਰੋਡਿਊਸਰ ਹੈ, ਉਸ ਨੂੰ 03 ਨਿਹੰਗ ਬਾਣੇ ਵਿੱਚ ਆਏ ਵਿਅਕਤੀਆਂ ਵੱਲੋਂ ਜ਼ਬਰਦਸਤੀ ਕਾਰ ਵਿੱਚ ਅਗਵਾ ਕਰ ਲਿਆ ਗਿਆ ਸੀ।ਇਹ ਅਗਵਾ ਪ੍ਰਾਪਰਟੀ ਡੀਲਰਾਂ ਨਾਲ ਜ਼ਮੀਨੀ ਵਿਵਾਦ ਦੇ ਸਬੰਧ ਵਿੱਚ ਇੱਕ ਰਾਜੀਨਾਮਾ ਕਰਵਾਉਣ ਦੇ ਬਦਲੇ ਪੈਸੇ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ, ਜਦੋਂ ਕਿ ਰਾਜੀਨਾਮੇ ਦੇ ਚੈੱਕ ਕਲੀਅਰ ਨਾ ਹੋਣ ਕਾਰਨ ਪੈਸੇ ਨਹੀਂ ਦਿੱਤੇ ਗਏ ਸਨ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦਿਲਪ੍ਰੀਤ ਸਿੰਘ, ਆਈਪੀਐੱਸ (ਕਪਤਾਨ ਪੁਲਿਸ), ਸ੍ਰੀ ਸਰਵ ਜਿੰਦਲ, ਪੀਪੀਐੱਸ (ਕਪਤਾਨ ਪੁਲਿਸ ਇੰਨਵੈਸਟੀਗੇਸ਼ਨ), ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਟੀਮਾਂ ਨੇ ਏਜੀਟੀਐੱਫ਼, ਫ਼ਰੀਦਕੋਟ, ਬਠਿੰਡਾ ਅਤੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਟੈਕਨੀਕਲ ਅਤੇ ਮਾਨਵੀ ਸਰੋਤਾਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ, ਅਗਵਾ ਹੋਏ ਪੱਤਰਕਾਰ ਨੂੰ 12 ਘੰਟੇ ਦੇ ਅੰਦਰ ਸਹੀ ਸਲਾਮਤ ਛੁਡਵਾ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਬਲਕਰਨ ਜੀਤ ਸਿੰਘ ਪੁੱਤਰ ਅਵਤਾਰ ਸਿੰਘ (ਉਮਰ ਕਰੀਬ 45 ਸਾਲ) ਵਾਸੀ ਪਿੰਡ ਰੇਖੇ ਕਲਾਂ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ, ਜਿਸਨੂੰ ਕੋਟਕਪੂਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਸ਼ਾਮਲ ਦੋ ਹੋਰ ਦੋਸ਼ੀਆਂ ਹਰਦੀਪ ਸਿੰਘ ਅਤੇ ਜਸਕਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐੱਸਐੱਸਪੀ ਹਾਂਸ ਨੇ ਕਿਹਾ ਕਿ ਮੁਹਾਲੀ ਪੁਲਿਸ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਅਪਰਾਧਿਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button