
ਅੰਮ੍ਰਿਤਸਰ, 26 ਅਕਤੂਬਰ : ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੇਤਾਵਾਂ ਦੀ ਹੰਗਾਮੀ ਮੀਟਿੰਗ ਸ਼ਿਵ ਸੈਨਾ ਭਾਰਤੀ ਦੇ ਮੁੱਖ ਦਫਤਰ ਵਿਚ ਰਾਸ਼ਟਰੀ ਪ੍ਰਧਾਨ ਅਜੇ ਸੇਠ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸ਼ਿਵ ਸੈਨਾ ਰਘੂਵੰਸ਼ੀ ਦੇ ਰਾਸ਼ਟਰੀ ਪ੍ਰਧਾਨ ਰੋਹਿਤ ਤ੍ਰਿਪਾਠੀ, ਹਿੰਦੂ ਸੁਰੱਖਿਆ ਸੈਨਾ ਰਾਸ਼ਟਰੀ ਪ੍ਰਧਾਨ ਸਲਿਲ ਬਿੱਲਾ, ਆਲ ਇੰਡੀਆਂ ਹਿੰਦੂ ਏਕਤਾ ਮੰਚ ਰਾਸ਼ਟਰੀ ਪ੍ਰਧਾਨ ਵਿਕਰਮ ਗੰਦੋਤਰਾ ਪਹੁੰਚੇ। ਸਮੂਹ ਹਿੰਦੂ ਨੇਤਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬਲੀਦਾਨ ਦਿਵਸ ਮਨਾਉਣ ਦੀ ਮੰਗ ਨੂੰ ਲੈ ਕੇ 16 ਸਤੰਬਰ ਨੂੰ ਇਕ ਮੰਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤਾ ਗਿਆ ਸੀ ਤੇ 30 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ ਮਨਾਉਣ ਸਬੰਧੀ ਹਜੇ ਤੱਕ ਪ੍ਰਸ਼ਾਸਨ ਵਲੋਂ ਇਜਾਜਤ ਦੇਣ ਦਾ ਕੋਈ ਵੀ ਜਵਾਬ ਨਹੀਂ ਆਇਆ ਹੈ, ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਪੰਜਾਬ ਵਿਚ ਰਹਿੰਦੇ ਹਿੰਦੂਆਂ ਦੇ ਨਾਲ ਪੰਜਾਬ ਦੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਸਿੱਧੇ ਤੌਰ ’ਤੇ ਵਿਤਕਰਾ ਕੀਤਾ ਜਾ ਰਿਹਾ ਹੈ, ਜੋ ਹੁਣ ਸਹਿਨ ਨਹੀਂ ਕੀਤਾ ਜਾਵੇਗਾ। ਨੇਤਾਵਾਂ ਨੇ ਕਿਹਾ ਖਾਲਿਸਤਾਨੀ ਸੋਚ ਰੱਖਣ ਵਾਲੇ ਕੁਝ ਲੋਕਾਂ ਨੂੰ ਪ੍ਰੋਗਰਾਮ ਕਰਨ ਦੀ ਇਜਾਜਤ ਬਹੁਤ ਜਲਦੀ ਦੇ ਦਿੱਤੀ ਜਾਂਦੀ ਹੈ, ਪਰ ਜਦੋਂ ਹਿੰਦੂ ਨੇਤਾ ਕੋਈ ਪ੍ਰੋਗਰਾਮ ਕਰਨ ਦਾ ਐਲਾਨ ਕਰਦੇ ਹਨ ਤਾਂ ਪ੍ਰਸ਼ਾਸਨ ਵਲੋਂ ਉਸ ਪ੍ਰੋਗਰਾਮ ਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਅਤੇ ਪੰਜਾਬ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬੜਾਵਾ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲਿਆਂ ਨੂੰ ਹਿੰਦੂ ਸੰਗਠਨ ਹਮੇਸ਼ਾ ਯਾਦ ਕਰਦੇ ਰਹਿਣਗੇ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਨੌਜਵਾਨ ਪੀੜੀ ਨੂੰ ਵੀ ਜਾਗਰੂਕ ਕਰਨਗੇ। ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਬ੍ਰਹਮ ਦੇਵ ਮਿਸ਼ਰਾ ਆਦਿ ਹਾਜ਼ਰ ਸਨ।



