Punjab

ਹਾਈ ਕੋਰਟ ਨੇ ਬਦਲੇ ਦੀ ਕਾਰਵਾਈ ‘ਤੇ ਪ੍ਰਗਟਾਈ ਨਾਰਾਜ਼ਗੀ, ਫਾਸਟਵੇਅ ਦੇ ਐਮਡੀ ਨੂੰ ਭੇਜੇ ਗਏ ਸੰਮਨ ‘ਤੇ ਲੱਗੀ ਰੋਕ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 18 ਜੁਲਾਈ : ਮਜੀਠੀਆ ਮਾਮਲੇ ਵਿਚ ਫਾਸਟਵੇ ਦੇ ਐੱਮਡੀ ਗੁਰਦੀਪ ਸਿੰਘ ਨੂੰ ਜਾਰੀ ਕੀਤੇ ਸੰਮਨ ’ਤੇ ਹਾਈ ਕੋਰਟ ਨੇ ਸੋਮਵਾਰ ਤੱਕ ਰੋਕ ਲਗਾ ਦਿੱਤੀ ਹੈ। ਗੁਰਦੀਪ ਸਿੰਘ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਮੰਤਰੀ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਸਿਲਸਿਲੇ ਵਿਚ ਸੰਮਨ ਭੇਜਿਆ ਗਿਆ ਹੈ, ਜਦਕਿ ਉਨ੍ਹਾਂ ਦਾ ਉਸ ਐੱਫਆਈਆਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਗੁਰਦੀਪ ਸਿੰਘ ਨੇ ਚਿੰਤਾ ਜਤਾਈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਇਸ ਮਾਮਲੇ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਗੁਰਦੀਪ ਸਿੰਘ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮਜੀਠੀਆ ਕੇਸ ਨਾਲ ਜੁੜੀਆਂ ਕਈ ਖਬਰਾਂ ਉਨ੍ਹਾਂ ਦੀ ਮੀਡੀਆ ਕੰਪਨੀ ਦੁਆਰਾ ਚਲਾਈਆਂ ਗਈਆਂ ਸਨ ਅਤੇ ਹੁਣ ਸਰਕਾਰ ਰੰਜਿਸ਼ਨ ਕਾਰਵਾਈ ਕਰ ਰਹੀ ਹੈ। ਇਸ ’ਤੇ ਹਾਈ ਕੋਰਟ ਨੇ ਸਖਤ ਟਿੱਪਣੀ ਕਰਦਿਆਂ ਸਰਕਾਰ ਤੋਂ ਪੁੱਛਿਆ, ‘ਕੀ ਹੁਣ ਜੋ ਵੀ ਤੁਹਾਡੇ ਖ਼ਿਲਾਫ਼ ਬੋਲਦਾ ਹੈ, ਉਸ ਨਾਲ ਅਜਿਹਾ ਹੀ ਵਰਤਾਅ ਕੀਤਾ ਜਾਵੇਗਾ?’ ਅਦਾਲਤ ਨੇ ਇਸ ਰਵੱਈਏ ’ਤੇ ਗੰਭੀਰ ਨਾਰਾਜ਼ਗੀ ਜਤਾਈ ਅਤੇ ਸੰਮਨ ਦੇ ਨੋਟਿਸ ’ਤੇ ਅਸਥਾਈ ਰੋਕ ਲਗਾਉਂਦਿਆਂ ਅਗਲੀ ਸੁਣਵਾਈ ਸੋਮਵਾਰ ਨੂੰ ਨਿਰਧਾਰਤ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button