
ਬਾਲ ਕਿਸ਼ਨ
ਫ਼ਿਰੋਜ਼ਪੁਰ, 8 ਅਕਤੂਬਰ : ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਸੜਕ ਜਿਸਦਾ ਨਿਰਮਾਣ ਕਾਰਜ ਪਿਛਲੇ ਲਗਪਗ ਦੋ ਸਾਲਾਂ ਤੋਂ ਚੱਲ ਰਿਹਾ ਹੈ। ਇਸੇ ਦੌਰਾਨ ਫਿਰੋਜ਼ਪੁਰ ਦੇ ਇਲਾਕੇ ਵਿਚ ਪੈਂਦੀ ਸੜਕ ’ਤੇ ਲੰਮੇ ਸਮੇਂ ਤੋਂ ਮਿੱਟੀ ਪਾ ਕੇ ਅਤੇ ਸੜਕ ’ਤੇ ਬਣਨ ਵਾਲੇ ਪੁਲਾਂ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਧੀਮੀ ਗਤੀ ਨਾਲ ਚੱਲ ਰਹੇ ਇਹ ਵਿਕਾਸ ਕਾਰਜ ਲੋਕਾ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਪਿਛਲੇ ਸਮੇਂ ਦੌਰਾਨ ਇਸ ਸੜਕ ਨੇ ਕਈ ਰਾਹਗੀਰਾਂ ਦੀ ਜਾਣ ਲੈ ਲਈ। ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵੱਲ ਜਾਣ ਵਾਲੇ ਲੋਕਾਂ ਨੂੰ ਫਿਰੋਜ਼ਪੁਰ ਤੋਂ ਵਾਇਆ ਫਰੀਦਕੋਟ ਜਾ ਫਿਰੋਜ਼ਪੁਰ ਤੋਂ ਵਾਇਆ ਗੁਰੂਹਰਸਹਾਏ ਦਾ ਲੰਮਾਂ ਸਫਰ ਤੈਅ ਕਰਨਾ ਪੈਂਦਾ ਹੈ। ਇਹ ਸੜਕ ਅੱਜ ਕੱਲ੍ਹ ਇਲਾਕਾ ਵਾਸੀਆਂ ਦੀ ਖੱਜਲ ਖੁਆਰੀ ਦਾ ਸਬੱਬ ਬਣਦੀ ਜਾ ਰਹੀ ਹੈ। ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਸੜਕ ’ਤੇ ਸਥਿਤ ਪਿੰਡ ਝੋਕ ਹਰੀ ਹਰ ਵਿਖੇ ਅੱਡੇ ਤੇ ਕਾਫੀ ਵੱਡਾ ਬਾਜ਼ਾਰ ਹੈ ਤੇ ਆਸ-ਪਾਸ ਇਲਾਕੇ ਦੇ ਲੋਕ ਇਸ ਮਾਰਕੀਟ ਵਿਚ ਖਰੀਦੋ ਫਰੋਖਤ ਲਈ ਵੱਡੀ ਗਿਣਤੀ ਵਿਚ ਆਉਂਦੇ ਹਨ। ਸੜਕ ਖਰਾਬ ਅਤੇ ਘੱਟਾ ਮਿੱਟੀ ਵਾਲਾ ਮਾਹੌਲ ਹੋਣ ਕਾਰਨ ਇਸ ਮਾਰਕੀਟ ’ਤੇ ਵੱਡਾ ਅਸਰ ਪੈ ਰਿਹਾ ਹੈ। ਵਾਹਨਾਂ ਦੀ ਉੱਡਦੀ ਧੂੜ ਕਰਕੇ ਹਲਵਾਈ ਅਤੇ ਫਲ ਵਿਕ੍ਰੇਤਾਵਾਂ ਦੀ ਦੁਕਾਨਦਾਰੀ ਮੰਦੇ ਵਿੱਚ ਹੈ। ਕਰੀਬ ਦੋ ਸਾਲ ਤੋਂ ਬੰਦ ਪਏ ਸੜਕ ਨਿਰਮਾਣ ਕੰਮ ਨੂੰ ਮੁੜ ਚਾਲੂ ਕਰਵਾਉਣ ਲਈ ਇਲਾਕੇ ਦੇ ਲੋਕਾਂ ਨੇ ਸਥਾਨਕ ਅੱਡੇ ’ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਕੰਮ ਮੁੜ ਸ਼ੁਰੂ ਨਾ ਕੀਤਾ ਗਿਆ ਤਾਂ 15 ਅਕਤੂਬਰ ਤੋਂ ਲੰਬੇ ਸਮੇਂ ਲਈ ਸੜਕ ਜਾਮ ਕਰ ਕੇ ਧਰਨਾ ਲਗਾਇਆ ਜਾਵੇਗਾ। ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹ ਕਈ ਵਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਦਰਖਾਸਤਾਂ ਦੇ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਭਰੋਸੇ ਦਿੱਤੇ ਗਏ, ਹਾਲ ਕੋਈ ਨਹੀਂ ਨਿਕਲਿਆ। ਸੜਕ ਦੀ ਮਾੜੀ ਹਾਲਤ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਗੁਰੂਦੁਆਰਾ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਸੰਗਤ ਲਈ ਇਹ ਸੜਕ ਬਹੁਤ ਮਹੱਤਵਪੂਰਣ ਹੈ, ਕਿਉਂਕਿ ਮਾਘੀ ਮੇਲੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਇਸ ਰਾਹ ਰਾਹੀਂ ਜਾਂਦੀਆਂ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਨੰਬਰਦਾਰ, ਵਿਵੇਕ ਕੁਮਾਰ, ਗੁਰਪ੍ਰੀਤ ਸਿੰਘ ਸੰਧੂ, ਜਤਿੰਦਰ ਸ਼ਰਮਾ, ਸੰਦੀਪ ਕੁਮਾਰ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਭੁੱਲਰ, ਅਮਰਜੀਤ ਸਿੰਘ, ਅਮਨ ਨੰਦਾ ਆਦਿ ਸਮੇਤ ਕਈ ਇਲਾਕਾਈ ਮੋਹਤਬਾਰ ਵਿਅਕਤੀ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਤੇ ਵਿਭਾਗ ਨੇ ਤੁਰੰਤ ਧਿਆਨ ਨਾ ਦਿੱਤਾ ਤਾਂ ਸੜਕ ਜਾਮ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਵਿਭਾਗੀ ਅਧਿਕਾਰੀਆਂ ਦੀ ਹੋਵੇਗੀ।



