
ਖੰਨਾ, 28 ਨਵੰਬਰ : ਖੰਨਾ ਸਿਵਲ ਹਸਪਤਾਲ ’ਚ ਮੰਗਲਵਾਰ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਨੌਜਵਾਨ ਅਚਾਨਕ ਹਸਪਤਾਲ ਦੇ ਕੰਪਲੈਕਸ ’ਚ ਬਣੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਤੇ ਹਸਪਤਾਲ ਸਟਾਫ ਮੌਕੇ ਤੇ ਪਹੁੰਚੇ ਤੇ ਲਗਪਗ ਡੇਢ ਘੰਟੇ ਦੀ ਕੋਸ਼ਿਸ਼ ਮਗਰੋਂ ਉਸ ਨੂੰ ਹੇਠਾਂ ਉਤਾਰਿਆ। ਰਿਪੋਰਟਾਂ ਅਨੁਸਾਰ ਨੌਜਵਾਨ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜੋ ਇਸ ਸਮੇਂ ਖੰਨਾ ’ਚ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਹੈ। ਦੇਰ ਰਾਤ ਨੌਜਵਾਨ ਆਪਣੇ ਸਹੁਰੇ ਘਰ ਪਹੁੰਚਿਆ ਤੇ ਆਪਣੇ ਬੱਚਿਆਂ ਨੂੰ ਮਿਲਣ ਲਈ ਜ਼ੋਰ ਪਾਇਆ। ਜਦੋਂ ਉਸਦੇ ਸਹੁਰਿਆਂ ਨੇ ਇਨਕਾਰ ਕਰ ਦਿੱਤਾ ਤਾਂ ਲੜਾਈ ਹੋ ਗਈ। ਗੁੱਸੇ ’ਚ ਆ ਕੇ ਉਹ ਘਰੋਂ ਨਿਕਲ ਗਿਆ, ਸਿੱਧਾ ਸਿਵਲ ਹਸਪਤਾਲ ਗਿਆ ਤੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ। ਨੌਜਵਾਨ ਨੂੰ ਉੱਚੀ ਟੈਂਕੀ ਤੇ ਚੜ੍ਹਦੇ ਦੇਖ ਕੇ ਹਸਪਤਾਲ ਦੇ ਸਟਾਫ ਤੇ ਮਰੀਜ਼ ਦੇ ਰਿਸ਼ਤੇਦਾਰਾਂ ’ਚ ਦਹਿਸ਼ਤ ਫੈਲ ਗਈ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਐੱਸਐੱਮਓ ਡਾ. ਮਨਿੰਦਰ ਸਿੰਘ ਭਸੀਨ ਮੌਕੇ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕੋਈ ਟੈਂਕੀ ਤੇ ਚੜ੍ਹ ਗਿਆ ਹੈ, ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਸਿਟੀ ਪੁਲਿਸ ਸਟੇਸ਼ਨ 2 ਤੋਂ ਪੁਲਿਸ ਟੀਮ ਮੌਕੇ ਤੇ ਪਹੁੰਚੀ। ਪੁਲਿਸ ਨੇ ਪਹਿਲਾਂ ਨੌਜਵਾਨ ਨਾਲ ਗੱਲ ਕਰ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਵਾਰ-ਵਾਰ ਸਮਝਾਇਆ ਕਿ ਅਜਿਹਾ ਕਦਮ ਉਸ ਲਈ ਖ਼ਤਰਨਾਕ ਹੈ ਤੇ ਵਿਵਾਦ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾ ਸਕਦਾ ਹੈ। ਕਾਫ਼ੀ ਸਮਝਾਉਣ ਤੋਂ ਬਾਅਦ ਨੌਜਵਾਨ ਹੇਠਾਂ ਆਉਣ ਲਈ ਰਾਜ਼ੀ ਹੋ ਗਿਆ। ਪੁਲਿਸ ਨੇ ਉਸ ਨੂੰ ਸੁਰੱਖਿਅਤ ਹੇਠਾਂ ਲਿਆਂਦਾ ਤੇ ਹਿਰਾਸਤ ’ਚ ਲੈ ਲਿਆ। ਅਧਿਕਾਰੀਆਂ ਅਨੁਸਾਰ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਦੇ ਪਰਿਵਾਰਕ ਵਿਵਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ।



