Punjab

ਇਟਲੀ ’ਚ ਮਰੇ ਪੰਜਾਬੀਆਂ ਦੀਆਂ ਮ੍ਰਿਤਕ ਦੇਹਾਂ ਲਿਆਉਣ ਲਈ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਤੱਕ ਪਹੁੰਚ, ਸੜਕ ਹਾਦਸੇ ’ਚ 4 ਦੀ ਹੋਈ ਸੀ ਮੌਤ

ਸ਼ਾਹਕੋਟ, 8 ਅਕਤੂਬਰ : ਇਟਲੀ ’ਚ ਸ਼ਨਿਚਰਵਾਰ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਕਾਰਨ ਚਾਰ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਮਗਰੋਂ ਮ੍ਰਿਤਕ ਦੇਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮ੍ਰਿਤਕ ਦੇਹਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਸੰਪਰਕ ਕੀਤਾ ਹੈ। ਦੱਖਣੀ ਇਟਲੀ ਦੇ ਸ਼ਹਿਰ ਮਟੇਰਾ ’ਚ ਸ਼ਨਿਚਰਵਾਰ ਨੂੰ ਕਾਰ ਤੇ ਟਰੱਕ ਦੇ ਦਰਮਿਆਨ ਭਿਆਨਕ ਟੱਕਰ ਹੋਈ ਸੀ, ਜਿਸ ’ਚ ਚਾਰ ਪੰਜਾਬੀ ਨੌਜਵਾਨ ਮੌਕੇ ’ਤੇ ਹੀ ਮਾਰੇ ਗਏ। ਇਹ ਨੌਜਵਾਨ ਕਾਰ ’ਚ ਸਵਾਰ ਹੋ ਕੇ ਆਪਣੇ ਕੰਮ ’ਤੇ ਜਾ ਰਹੇ ਸਨ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਰਵਿੰਦਰ ਸਿੰਘ (ਵਾਸੀ ਘੋੜਾਬਾਹੀ), ਸੁਰਜੀਤ ਸਿੰਘ (ਵਾਸੀ ਪਿੰਡ ਮੇਦਾ), ਮਨੋਜ ਕੁਮਾਰ (ਵਾਸੀ ਆਦਮਪੁਰ), ਜਸਕਰਨ ਸਿੰਘ (ਜਿਲ੍ਹਾ ਰੋਪੜ) ਵਜੋਂ ਹੋਈ ਹੈ।

ਗਰੀਬੀ ਦੂਰ ਕਰਨ ਤੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਵਿਦੇਸ਼ ਗਏ ਸਨ ਨੌਜਵਾਨ

ਇਸ ਦੁਖਾਂਤ ਨੇ ਪੰਜਾਬ ’ਚ ਗਰੀਬ ਪਰਿਵਾਰਾਂ ’ਤੇ ਦੋਹਰੀ ਮਾਰ ਪਾਈ ਹੈ, ਜਿਨ੍ਹਾਂ ਨੇ ਚੰਗੇ ਭਵਿੱਖ ਦੀ ਆਸ ’ਚ ਆਪਣੇ ਪੁੱਤਰਾਂ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ। ਹਰਵਿੰਦਰ ਸਿੰਘ ਦੇ ਪਰਿਵਾਰ ਨੇ ਘਰ ਦੀ ਗਰੀਬੀ ਦੂਰ ਕਰਨ ਲਈ ਸਾਢੇ ਚਾਰ ਲੱਖ ਦਾ ਕਰਜ਼ਾ ਚੁੱਕ ਕੇ ਉਸਨੂੰ ਵਿਦੇਸ਼ ਭੇਜਿਆ ਸੀ। ਉਹ ਇਟਲੀ ’ਚ ਬਰੌਕਲੀ ਤੋੜਨ ਦਾ ਕੰਮ ਕਰਦਾ ਸੀ। ਉਸਦੇ ਪਿਤਾ ਪਿਛਲੇ 6 ਸਾਲਾਂ ਤੋਂ ਕੈਂਸਰ ਨਾਲ ਪੀੜਤ ਹਨ। ਹਾਦਸੇ ’ਚ ਮੌਤ ਹੋਣ ਕਾਰਨ ਹਰਵਿੰਦਰ ਸਿੰਘ ਦੇ ਰੂਪ ’ਚ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਮੈਂਬਰ ਦੀ ਮੌਤ ਹੋ ਗਈ ਹੈ। ਸ਼ਾਹਕੋਟ ਦੇ ਪਿੰਡ ਮੇਦਾ ਵਾਸੀ ਸੁਰਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੁਰਜੀਤ ਸਿੰਘ ਦੇ ਭਰਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਸੁਰਜੀਤ ਦਸੰਬਰ 2024 ’ਚ ਇਟਲੀ ਗਿਆ ਸੀ। ਇਸ ਤੋਂ ਪਹਿਲਾਂ ਉਸਨੇ ਦੁਬਈ ’ਚ ਵੀ ਕੰਮ ਕੀਤਾ ਸੀ, ਪਰ ਕੰਮ ਨਾ ਬਣਨ ਕਰਕੇ 9 ਮਹੀਨੇ ਪਹਿਲਾਂ ਇਟਲੀ ਦਾ ਰੁਖ ਕੀਤਾ ਸੀ। ਪਰਿਵਾਰ ਕੋਲ ਸਿਰਫ ਤਿੰਨ ਏਕੜ ਜ਼ਮੀਨ ਹੈ ਤੇ ਉਹ ਛੋਟੇ ਕਿਸਾਨ ਹੋਣ ਕਰਕੇ ਆਮਦਨ ਘੱਟ ਹੈ। ਸੁਰਜੀਤ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਪਿੰਡ ਵਾਸੀਆਂ ਮੁਤਾਬਕ, ਜਿਹੜੀ ਮਾਂ ਆਪਣੇ ਪੁੱਤ ਦੇ ਵਿਆਹ ਲਈ ਆਸਾਂ ਲਾਈ ਬੈਠੀ ਸੀ, ਉਸੇ ਮਾਂ ’ਤੇ ਮੌਤ ਦੀ ਖਬਰ ਸੁਣ ਕੇ ਆਸਮਾਨ ਆ ਡਿੱਗਾ ਹੈ।

Related Articles

Leave a Reply

Your email address will not be published. Required fields are marked *

Back to top button