ਪਾਕਿਸਤਾਨ ’ਚ ਧਮਾਕਾ ਕਰ ਕੇ ਜਫਰ ਐਕਸਪ੍ਰੈੱਸ ਨੂੰ ਮੁੜ ਬਣਾਇਆ ਨਿਸ਼ਾਨਾ
ਪੰਜ ਡੱਬੇ ਲੀਹੋਂ ਲੱਥੇ; ਕਈ ਲੋਕ ਜ਼ਖ਼ਮੀ

ਪਿਸ਼ਾਵਰ, 8 ਅਕਤੂਬਰ : ਪਾਕਿਸਤਾਨ ਵਿਚ ਰੇਲ ਟ੍ਰੈਕ ‘ਤੇ ਹੋਏ ਧਮਾਕੇ ਨੇ ਜਫਰ ਐਕਸਪ੍ਰੈੱਸ ਨੂੰ ਫਿਰ ਨਿਸ਼ਾਨਾ ਬਣਾਇਆ ਹੈ। ਦੇਸ਼ ਦੇ ਦੱਖਣ-ਪੱਛਮੀ ਸਿੰਧ ਸੂਬੇ ਵਿਚ ਮੰਗਲਵਾਰ ਨੂੰ ਟ੍ਰੈਕ ‘ਤੇ ਹੋਏ ਧਮਾਕੇ ਕਾਰਨ ਟ੍ਰੇਨ ਦੇ ਪੰਜ ਡੱਬੇ ਲੀਹੋਂ ਉਤਰ ਗਏ। ਇਸ ਘਟਨਾ ਵਿਚ ਕਈ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ ਹਨ। ਕੁਏਟਾ ਅਤੇ ਪਿਸ਼ਾਵਰ ਦੇ ਵਿਚਕਾਰ ਚੱਲਣ ਵਾਲੀ ਇਸ ਟ੍ਰੇਨ ਨੂੰ ਪਿਛਲੀ ਮਾਰਚ ਵਿਚ ਹਾਈਜੈਕ ਕੀਤਾ ਗਿਆ ਸੀ। ਉਸ ਤੋਂ ਬਾਅਦ ਜਫਰ ਐਕਸਪ੍ਰੈਸ ‘ਤੇ ਕਈ ਵਾਰ ਹਮਲੇ ਹੋ ਚੁੱਕੇ ਹਨ। ਰੇਲਵੇ ਪੁਲਿਸ ਮੁਤਾਬਕ, ਸਿੰਧ ਦੇ ਸ਼ਿਕਾਰਪੁਰ ਜ਼ਿਲ੍ਹੇ ਵਿਚ ਸੁਲਤਾਨ ਕੋਟ ਸਟੇਸ਼ਨ ਦੇ ਨੇੜੇ ਰੇਲਵੇ ਟ੍ਰੈਕ ‘ਤੇ ਧਮਾਕਾ ਕੀਤਾ ਗਿਆ। ਸੱਤ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਵੱਡੀ ਗਿਣਤੀ ਵਿਚ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮੁੱਢਲੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਰੇਲਵੇ ਟ੍ਰੈਕ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਜਫਰ ਐਕਸਪ੍ਰੈੱਸ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਪਿਛਲੀ 24 ਸਤੰਬਰ ਨੂੰ ਬਲੋਚਿਸਤਾਨ ਸੂਬੇ ਦੇ ਮਸਤੁੰਗ ਵਿਚ ਰੇਲ ਟ੍ਰੈਕ ‘ਤੇ ਬੰਬ ਲਾ ਕੇ ਟ੍ਰੇਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿਚ ਟ੍ਰੇਨ ਦੇ ਕਈ ਡੱਬੇ ਲੀਹੋਂ ਉਤਰ ਗਏ ਸਨ। ਅਗਸਤ ਵਿਚ ਵੀ ਦੋ ਵਾਰ ਟ੍ਰੇਨ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਹਮਲਿਆਂ ਲਈ ਵਿਦ੍ਰੋਹੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਹ ਸੰਗਠਨ ਖੇਤਰ ਵਿਚ ਕਈ ਹਮਲਿਆਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਨੇ ਪਿਛਲੀ 11 ਮਾਰਚ ਨੂੰ ਜਫਰ ਐਕਸਪ੍ਰੈੱਸ ਨੂੰ ਹਾਈਜੈਕ ਕਰ ਲਿਆ ਸੀ, ਜਿਸ ਵਿਚ ਫ਼ੌਜੀਆਂ ਸਮੇਤ 26 ਲੋਕ ਮਾਰੇ ਗਏ ਸਨ।



