ਸਾਵਧਾਨ ! ਅੱਜ ਖੋਲ੍ਹੇ ਜਾਣਗੇ ਪੌਂਗ ਡੈਮ ਦੇ ਗੇਟ, ਭਾਖੜਾ ਦੇ ਗੇਟ ਖੋਲ੍ਹਣ ਬਾਰੇ BBMB ਅੱਜ ਲਵੇਗਾ ਫੈਸਲਾ
ਪੰਜਾਬ 'ਚ ਭਾਰੀ ਮੀਂਹ ਦੇ ਅਲਰਟ ਤੋਂ ਬਾਅਦ ਚੁੱਕਿਆ ਕਦਮ

ਲੁਧਿਆਣਾ, 4 ਅਕਤੂਬਰ : ਉੱਤਰੀ-ਪੱਛਮੀ ਭਾਰਤ ਵਿਚ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਪੰਜਾਬ ਵਿਚ ਤਿੰਨ ਦਿਨਾਂ ਲਈ ਭਾਰੀ ਮੀਂਹ ਪੈ ਸਕਦਾ ਹੈ। ਇਸ ਸਬੰਧੀ ਮੌਸਮ ਕੇਂਦਰ ਚੰਡੀਗੜ੍ਹ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ, ਸ਼ਨਿਚਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹਿਣਗੇ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। 5 ਤੋਂ 7 ਅਕਤੂਬਰ ਦੌਰਾਨ 40 ਤੋਂ 50 ਕਿਲੋਮੀਟਰ ਪ੍ਰ੍ਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਇਸ ਦੌਰਾਨ ਭਾਰੀ ਮੀਂਹ ਪੈਣ ਦਾ ਵੀ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਗੜੇਮਾਰੀ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਉੱਧਰ, ਪੰਜਾਬ ਤੇ ਹਿਮਾਚਲ ਵਿਚ ਭਾਰੀ ਮੀਂਹ ਪੈਣ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹੁਸ਼ਿਆਰਪੁਰ ਦੇ ਤਲਵਾੜਾ ਸਥਿਤ ਪੌਂਗ ਡੈਮ ਦੇ ਸਾਰੇ ਛੇ ਫਲੱਡ ਗੇਟ ਸ਼ਨਿਚਰਵਾਰ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇੱਥੋਂ 50,000 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਛੱਡਿਆ ਜਾਵੇਗਾ। ਦੱਸਣਯੋਗ ਹੈ ਕਿ ਪਠਾਨਕੋਟ ਸਥਿਤ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਵੀ ਵੀਰਵਾਰ ਤੋਂ ਇਕ ਮੀਟਰ ਤੱਕ ਖੋਲ੍ਹੇ ਗਏ ਹਨ। ਇੱਥੋਂ ਲਗਪਗ 36,000 ਕਿਊਸਿਕ ਪਾਣੀ ਰਾਵੀ ਦਰਿਆ ਵਿਚ ਛੱਡਿਆ ਜਾ ਰਿਹਾ ਹੈ। ਡੈਮਾਂ ਤੋਂ ਪਾਣੀ ਛੱਡਣ ਕਾਰਨ ਸੰਬੰਧਿਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ। ਸੰਬੰਧਿਤ ਜ਼ਿਲ੍ਹਿਆਂ ਵੱਲੋਂ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਲਈ ਲਗਾਤਾਰ ਕਿਹਾ ਜਾ ਰਿਹਾ ਹੈ। ਰੂਪਨਗਰ ਦੇ ਨੰਗਲ ਸਥਿਤ ਭਾਖੜਾ ਡੈਮ ਦੇ ਫਲੱਡ ਗੇਟ ਹਾਲੇ ਨਹੀਂ ਖੋਲ੍ਹੇ ਗਏ। ਬੀਬੀਐੱਮਬੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਨੂੰ ਮੌਸਮ ਦੇ ਹਾਲਾਤ ਦੇਖਣ ਤੋਂ ਬਾਅਦ ਹੀ ਇਨ੍ਹਾਂ ਨੂੰ ਖੋਲ੍ਹਣ ’ਤੇ ਵਿਚਾਰ ਕੀਤਾ ਜਾਵੇਗਾ।



