
ਲੁਧਿਆਣਾ, 5 ਅਪ੍ਰੈਲ- ਪਹਿਲਾਂ ਨਿਊ ਮਾਡਲ ਟਾਊਨ ’ਚ ਇਕ ਘਰ ਤੇ ਹੁਣ ਬਾੜੇਵਾਲ ਰੋਡ ’ਤੇ 3 ਘਰਾਂ ਦੀਆਂ ਕੱਟੀਆਂ ਤਾਰਾਂ, ਸੀਸੀਟੀਵੀ ’ਚ ਕੈਦ ਜਾਸ, ਲੁਧਿਆਣਾ ਸ਼ਹਿਰ ’ਚ ਇਸ ਸਮੇਂ ਬਿਜਲੀ ਸਪਲਾਈ ਦੀਆਂ ਤਾਰਾਂ ਕੱਟਣ ਵਾਲੇ ਗਿਰੋਹ ਦੇ ਮੈਂਬਰ ਸਰਗਰਮ ਹਨ। ਪਿਛਲੇ 2 ਦਿਨਾਂ ’ਚ 4 ਘਰਾਂ ਦੀਆਂ ਤਾਰਾਂ ਕੱਟ ਕੇ ਚੋਰਾਂ ਨੇ ਚੋਰੀ ਕਰ ਲਈਆਂ ਹਨ। ਦੋਹਾਂ ਹੀ ਮਾਮਲਿਆਂ ’ਚ ਪੀੜਤ ਪੱਖ ਨੇ ਆਪਣੀਆਂ ਸ਼ਿਕਾਇਤਾਂ ਸਬੰਧਤ ਪੁਲਿਸ ਥਾਣਿਆਂ ਨੂੰ ਦੇ ਦਿੱਤੀਆਂ ਹਨ, ਪਰ ਅਜੇ ਤੱਕ ਚੋਰਾਂ ਦਾ ਕੋਈ ਪਤਾ ਨਹੀਂ ਲੱਗਿਆ ਹੈ। ਪਹਿਲੇ ਮਾਮਲੇ ’ਚ ਬਾੜੇਵਾਲ ਰੋਡ ਦੇ ਨਿਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਤਿੰਨ ਘਰ ਇਕੱਠੇ ਹਨ। ਸ਼ੁੱਕਰਵਾਰ ਦੀ ਦੁਪਹਿਰ ਨੂੰ ਅਚਾਨਕ ਉਨ੍ਹਾਂ ਦੇ ਘਰ ਦੀ ਬਿਜਲੀ ਚਲੀ ਗਈ। ਉਨ੍ਹਾਂ ਨੂੰ ਲੱਗਾ ਕਿ ਪਾਵਰਕਾਮ ਵੱਲੋਂ ਬਿਜਲੀ ਕੱਟੀ ਗਈ ਹੈ ਪਰ ਜਦੋਂ ਸ਼ਾਮ ਤੱਕ ਬਿਜਲੀ ਨਹੀਂ ਆਈ ਤੇ ਹੋਰਾਂ ਦੇ ਘਰਾਂ ਵਿਚ ਬਿਜਲੀ ਆ ਰਹੀ ਸੀ, ਤਾਂ ਉਨ੍ਹਾਂ ਨੂੰ ਸ਼ੱਕ ਹੋਇਆ, ਜਦੋਂ ਉਨ੍ਹਾਂ ਨੇ ਮੀਟਰ ਦੇਖਿਆ ਤਾਂ ਪਤਾ ਲੱਗਿਆ ਕਿ ਤਿੰਨੋਂ ਘਰਾਂ ਦੇ ਮੀਟਰਾਂ ਦੀਆਂ ਡੇਢ ਤੋਂ ਦੋ ਫੁੱਟ ਤਾਰਾਂ ਕੱਟੀਆਂ ਹੋਈਆਂ ਸਨ, ਜਦੋਂ ਉਨ੍ਹਾਂ ਨੇ ਸੀਸੀਟੀਵੀ ਫੁੱਟੇਜ ਦੀ ਜਾਂਚ ਕੀਤੀ ਤਾਂ ਉਸ ’ਚ ਦੋ ਚੋਰ ਤਾਰਾਂ ਕੱਟਦੇ ਹੋਏ ਨਜ਼ਰ ਆ ਰਹੇ ਸਨ। ਉਨ੍ਹਾਂ ਇਸ ਬਾਰੇ ਸਿਰਾਭਾ ਨਗਰ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ। ਦੂਜੇ ਮਾਮਲੇ ’ਚ 3 ਅਪ੍ਰੈਲ ਨੂੰ ਨਿਊ ਮਾਡਲ ਟਾਊਨ ਇਲਾਕੇ ’ਚ ਬਿੱਟੂ ਗੁੰਬਰ ਦੇ ਘਰ ਦੀ ਬਿਜਲੀ ਅਚਾਨਕ ਬੰਦ ਹੋ ਗਈ, ਜਦੋਂ ਉਨ੍ਹਾਂ ਨੇ ਮੀਟਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀਆਂ ਤਾਰਾਂ ਵੀ ਕੱਟੀਆਂ ਹੋਈਆਂ ਸਨ, ਜਦੋਂ ਉਨ੍ਹਾਂ ਨੇ ਆਪਣੇ ਕੈਮਰੇ ਦੀ ਜਾਂਚ ਕੀਤੀ ਤਾਂ ਉਸ ’ਚ ਦੋ ਨੌਜਵਾਨ ਤਾਰਾਂ ਕੱਟ ਕੇ ਲੈ ਜਾਂਦੇ ਹੋਏ ਦਿਖਾਈ ਦਿੱਤੇ।



