
ਬਾਲ ਕਿਸ਼ਨ
ਫ਼ਿਰੋਜ਼ਪੁਰ, 3 ਅਕਤੂਬਰਜ਼ੀਰਾ ਵਿਖੇ ਇਕ ਢਾਈ ਮਹੀਨੇ ਦੀ ਲੜਕੀ ਉਪਰੋਂ ਤੇਜ਼ ਰਫਤਾਰ ਟਰੈਕਟਰ ਲੰਘਣ ਨਾਲ ਉਸ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਟਰੈਕਟਰ ਚਾਲਕ ਖਿਲਾਫ 106 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਜ ਪਾਤਰ ਪੁੱਤਰ ਦਇਆ ਰਾਮ ਵਾਸੀ ਫਰੈਂਡਜ਼ ਇੱਟਾਂ ਦਾ ਭੱਠਾ ਪਿੰਡ ਮੌਜੇ ਵਾਲਾ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਹ ਫਰੈਂਡਜ਼ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਕਰੀਬ 9 ਵਜੇ ਸਵੇਰੇ ਉਸ ਦੀ ਪਤਨੀ ਨੇ ਉਸ ਦੀ ਛੋਟੀ ਲੜਕੀ ਰਾਜ ਨੰਦਨੀ ਉਮਰ ਕਰੀਬ ਢਾਈ ਮਹੀਨੇ ਨੂੰ ਆਪਣੇ ਨੇੜੇ ਛਾਂ ਵਿਚ ਸਵਾ ਦਿੱਤਾ। ਐਨੇ ਨੂੰ ਗੋਸੀ ਵਾਸੀ ਬਠਿੰਡਾ ਜ਼ਿਲ੍ਹਾ ਹਾਲ ਵਾਸੀ ਫਰੈਂਡਜ਼ ਇੱਟਾਂ ਦਾ ਭੱਠਾ ਪਿੰਡ ਮੌਜੇ ਵਾਲਾ ਟਰੈਕਟਰ ਨੂੰ ਬੜੀ ਤੇਜ਼ ਅਤੇ ਅਣਗਹਿਲੀ ਨਾਲ ਭਜਾ ਕੇ ਲਿਆਇਆ ਤੇ ਉਸ ਦੀ ਲੜਕੀ ਉੱਪਰ ਚੜਾ ਦਿੱਤਾ। ਜਿਸ ਕਾਰਨ ਉਸ ਦੀ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।



