
ਬਾਲ ਕਿਸ਼ਨ
ਫਿਰੋਜ਼ਪੁਰ, 3 ਅਕਤੂਬਰ : ਸਥਾਨਕ ਹਾਊਸਿੰਗ ਬੋਰਡ ਕਾਲੋਨੀ ’ਚ ਇਕ ਪਿਤਾ ਨੇ ਚਰਿੱਤਰ ’ਤੇ ਸ਼ੱਕ ਕਾਰਨ ਧੀ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ’ਚ ਸੁੱਟ ਦਿੱਤਾ। ਪੁਲਿਸ ਦੋ ਦਿਨਾਂ ਤੋਂ ਲੜਕੀ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਹ ਮਿਲ ਨਹੀਂ ਸਕੀ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਧਾਰਾ 103 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਇੰਸਪੈਕਰ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸਾਹਿਲ ਚੌਹਾਨ ਸਤੀਏਵਾਲਾ ਹਾਲ ਆਬਾਦ ਫ਼ਰੀਦਕੋਟ ਚੌਕ ਨੇ ਦੱਸਿਆ ਕਿ ਉਸ ਦਾ ਮਾਮਾ ਸੁਰਜੀਤ ਸਿੰਘ ਹਾਊਸਿੰਗ ਬੋਰਡ ਕਾਲੋਨੀ ’ਚ ਰਹਿੰਦਾ ਹੈ। ਉਹ ਆਪਣੀ 17 ਸਾਲਾ ਦੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਤੇ ਉਸ ਦੀ ਕੁੱਟਮਾਰ ਕਰਦਾ ਸੀ। ਸਾਹਿਲ ਮੁਤਾਬਕ ਲੰਘੀ 30 ਸਤੰਬਰ ਨੂੰ ਦੇਰ ਸ਼ਾਮ ਕਰੀਬ 8.40 ਵਜੇ ਉਹ ਰਿਸ਼ਤੇਦਾਰੀ ਦਾ ਬਹਾਨਾ ਬਣਾ ਕੇ ਆਪਣੀ ਧੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਮੋਗਾ ਰੋਡ ’ਤੇ ਜਾ ਰਿਹਾ ਸੀ। ਸਾਹਿਲ ਮੁਤਾਬਕ ਉਹ ਉਸ ਦਾ ਪਿੱਛਾ ਕਰ ਰਿਹਾ ਸੀ। ਇਸੇ ਦੌਰਾਨ ਸੁਰਜੀਤ ਨੇ ਬਸਤੀ ਦੇ ਪੁਲ ਨੇੜੇ ਆਪਣੀ ਧੀ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ’ਚ ਸੁੱਟ ਦਿੱਤਾ ਤੇ ਉੱਥੋਂ ਖਿਸਕ ਗਿਆ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਹਿਲ ਦੇ ਬਿਆਨਾਂ ’ਤੇ ਮੁਲਜ਼ਮ ਸੁਰਜੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ।



