
ਬਠਿੰਡਾ, 2 ਅਕਤੂਬਰ : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਜ਼ਿਲ੍ਹੇ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਵਿਜੇ ਦਸ਼ਮੀ ਨੂੰ ਲੈ ਕੇ ਸਵੇਰ ਤੋਂ ਹੀ ਲੋਕਾਂ ਵਿਚ ਉਤਸ਼ਾਹ ਦੇਖਿਆ ਗਿਆ, ਜਦੋਂਕਿ ਦੁਪਿਹਰ ਸਮੇਂ ਰੌਣਕ ਹੋਰ ਵਧ ਗਈ। ਸ਼ਾਮ ਨੂੰ ਸ਼ਹਿਰ ਭਰ ਵਿੱਚ ਦੁਸਹਿਰੇ ਦੇ ਵੱਖ-ਵੱਖ ਜਸ਼ਨਾਂ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਦੁਪਹਿਰ ਨੂੰ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਰਾਵਣ ਦੀਆਂ ਫੌਜਾਂ ਸਮੇਤ ਹੋਰ ਧਾਰਮਿਕ ਝਾਕੀਆਂ ਦੇ ਨਾਲ-ਨਾਲ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਬਠਿੰਡਾ ਦੇ ਅਮਰੀਕ ਸਿੰਘ ਰੋਡ ’ਤੇ ਐੱਸਐੱਸਡੀ ਗਰਲਜ਼ ਕਾਲਜ, ਹਨੂੰਮਾਨ ਚੌਕ ’ਤੇ ਐੱਮਐੱਸਡੀ ਸਕੂਲ, ਪਰਸਰਾਮ ਨਗਰ ਵਿੱਚ ਦੁਸਹਿਰਾ ਗਰਾਊਂਡ, ਥਰਮਲ ਕਾਲੋਨੀ ਵਿੱਚ ਗਰਾਊਂਡ, ਠੰਢੀ ਸੜਕ ’ਤੇ ਰੇਲਵੇ ਗਰਾਊਂਡ ਅਤੇ ਐੱਨਐੱਫਐੱਲ ਕਾਲੋਨੀ ਵਿੱਚ ਦੁਸਹਿਰਾ ਗਰਾਊਂਡ ਸਮੇਤ ਵੱਖ-ਵੱਖ ਥਾਵਾਂ ’ਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਰੂਪ ਵਿੱਚ ਬੁਰਾਈ ਅਤੇ ਹਉਮੈ ਨੂੰ ਸਾੜਨ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਜਿੰਨ੍ਹਾਂ ਥਾਵਾਂ ’ਤੇ ਦੁਸਹਿਰੇ ਦੇ ਤਿਉਹਾਰ ਮਨਾਇਆ ਜਾ ਰਿਹਾ ਸੀ, ਉੱਥੇ ਬਾਜ਼ਾਰ ਸਜਾਏ ਗਏ ਸਨ। ਦੁਸਹਿਰੇ ’ਤੇ ਜਲੇਬੀ ਅਤੇ ਪਕੌੜੇ ਵੇਚਣ ਵਾਲਿਆਂ ਸਟਾਲ ਲਾਏ ਹੋਏ ਸਨ, ਉੱਥੇ ਹੀ ਦੁਸਹਿਰੇ ਨਾਲ ਸਬੰਧਿਤ ਬੱਚਿਆਂ ਦਾ ਸਾਮਾਨ ਰੱਖਿਆ ਗਿਆ ਸੀ। ਸ਼ਾਮ ਸਮੇਂ ਇਨ੍ਹਾਂ ਸਟਾਲਾਂ ’ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਲੋਕਾਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਵੀ ਖਰੀਦਦਾਰੀ ਕੀਤੀ।



