Punjab

ਪਰਿਵਾਰ ਦੀ ਦੁੱਖਾਂ ਭਰੀ ਕਹਾਣੀ, ਲਿਆਵੇ ਅੱਖਾਂ ’ਚੋਂ ਪਾਣੀ

ਮਾਨਸਾ ਦੇ ਇੱਕੋ ਪਰਿਵਾਰ ’ਚ ਪੰਜ ਭੈਣ-ਭਰਾਵਾਂ ’ਚੋਂ ਚਾਰ ਹਨ ‘ਨੇਤਰਹੀਣ’

ਉਦੈ ਪੰਜਾਬ ਨਿਊਜ਼ ਸਰਵਿਸ

ਮਾਨਸਾ, 21 ਸਤੰਬਰ : ਗੁਰਬਤ ’ਚ ਜੀਵਨ ਜਿਉਣ ਦੇ ਨਾਲ-ਨਾਲ ਕੁਦਰਤ ਦੀ ਵਾਰ-ਵਾਰ ਪਈ ਮਾਰ ਨੇ ਮਾਨਸਾ ਦੇ ਇਕ ਪਰਿਵਾਰ ਨੂੰ ਦੁੱਖਾਂ ਨਾਲ ਝੰਬ ਕੇ ਰੱਖ ਦਿੱਤਾ। ਇਸ ਪਰਿਵਾਰ ਦੀ ਦੁੱਖਾਂ ਦੀ ਲੰਬੀ ਕਹਾਣੀ ਸੁਣ ਕੇ ਹਰ ਵਿਅਕਤੀ ਦਾ ਦਿਲ ਪਸੀਜ ਜਾਂਦਾ ਹੈ। ਇਹ ਵੀ ਦੁਖਾਂਤ ਹੈ ਕਿ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਦਾ ਰਿਹਾ ਪਰ ਸਾਰ ਲੈਣ ਲਈ ਕੋਈ ਨਾ ਬਹੁੜਿਆ। ਰੇਹੜੀ ਚਲਾ ਕੇ ਜ਼ਿੰਦਗੀ ਨੂੰ ਲੀਹ ’ਤੇ ਰੱਖਣ ਲਈ ਜੱਦੋ-ਜਹਿਦ ਕਰ ਕੇ ਪਰਿਵਾਰ ਨੂੰ ਪਾਲ ਰਿਹਾ ਬਜ਼ੁਰਗ ਗੁਰਮੇਲ ਸਿੰਘ ਜਦ ਆਪਣੇ ‘ਸੂਰਦਾਸ’ ਜਵਾਨ ਪੁੱਤਾਂ, ਧੀਆਂ ਦੀ ਦੁੱਖ ਭਰੀ ਕਹਾਣੀ ਸੁਣਾਉਂਦਾ ਹੈ ਤਾਂ ਉਸ ਦੀਆਂ ਅੱਖਾਂ ’ਚੋਂ ਪਾਣੀ ਆ ਜਾਂਦਾ ਹੈ। ਠੂਠਿਆਂਵਾਲੀ ਰੋਡ ’ਤੇ ਰਹਿੰਦੇ ਇਸ ਪਰਿਵਾਰ ਦੀ ਕਹਾਣੀ ਹਰ ਇਕ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਗੁਰਮੇਲ ਸਿੰਘ ਦੱਸਦਾ ਹੈ ਕਿ ਉਸ ਦੀਆਂ ਚਾਰ ਲੜਕੀਆਂ ਤੇ ਇਕ ਲੜਕਾ ਹੈ, ਜਿਨ੍ਹਾਂ ’ਚੋਂ ਤਿੰਨ ਲੜਕੀਆਂ ਜਯੋਤੀ ਕੌਰ (26), ਲਖਵੀਰ ਕੌਰ (24), ਨੀਟੂ ਕੌਰ (18) ਅਤੇ ਲੜਕੇ ਹਰਦੀਪ ਸਿੰਘ ਨੂੰ ਦਿਖਾਈ ਨਹੀਂ ਦਿੰਦਾ ਜਦਕਿ ਇਕ ਲੜਕੀ ਮਨਪ੍ਰੀਤ ਕੌਰ ਨੂੰ ਠੀਕ ਤਰ੍ਹਾਂ ਦੇਖ ਸਕਦੀ ਹੈ। ਇਨ੍ਹਾਂ ਬੱਚਿਆਂ ਦੀ ਮਾਤਾ 11 ਕੁ ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਗਈ। ਹੁਣ ਉਹ ਰੇਹੜੀ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਵੱਡੀ ਉਮਰ ਹੋਣ ਕਾਰਨ ਉਸ ਤੋਂ ਵੀ ਜ਼ਿਆਦਾ ਕੰਮ ਨਹੀਂ ਹੁੰਦਾ। ਹੋਰ ਕਮਾਉਣ ਵਾਲਾ ਘਰ ’ਚ ਕੋਈ ਨਹੀਂ ਅਤੇ ਜ਼ਿੰਦਗੀ ਦੀ ਪਟੜੀ ਨੂੰ ਲੀਹ ’ਤੇ ਰੱਖਣ ਲਈ ਜੱਦੋਜਹਿਦ ਕਰ ਰਿਹਾ ਹੈ। ਜਯੋਤੀ ਕੌਰ ਤੇ ਮਨਪ੍ਰੀਤ ਕੌਰ ਨੂੰ ਇਕ ਘਰ ’ਚ ਹੀ ਦੋ ਭਰਾਵਾਂ ਨਾਲ ਵਿਆਹ ਦਿੱਤਾ ਹੈ ਤਾਂ ਜੋ ਉਹ ਇਕ-ਦੂਜੇ ਦਾ ਸਾਥ ਦੇ ਕੇ ਸਮਾਂ ਲੰਘਾ ਦੇਣ। ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਨੇ ਛੋਟੀ ਬੇਟੀ ਲਖਵੀਰ ਕੌਰ ਦਾ ਬਠਿੰਡਾ ਜ਼ਿਲ੍ਹੇ ਦੇ ਪਿੰਡ ’ਚ ਵਿਆਹ ਕੀਤਾ ਸੀ ਪਰ ਉਸ ਦੇ ਘਰਵਾਲੇ ਦੀ ਮੌਤ ਹੋ ਗਈ। ਉਸ ਕੋਲ ਇਕ ਬੱਚਾ ਹੈ ਅਤੇ ਹੁਣ ਉਨ੍ਹਾਂ ਕੋਲ ਪੇਕੇ ਹੀ ਰਹਿੰਦੀ ਹੈ। ਲੜਕੀ ਨੀਟੂ ਕੌਰ ਅਤੇ ਲੜਕਾ ਹਰਦੀਪ ਸਿੰਘ ਦੇਖਣ ਤੋਂ ਅਸਮਰਥ ਹੋਣ ਕਾਰਨ ਕੁਝ ਕਮਾ ਨਹੀਂ ਸਕਦੇ। ਇਨ੍ਹਾਂ ਦੀ ਮਾਤਾ ਬਿੰਦਰ ਕੌਰ ਦੇ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਣ ਇਨ੍ਹਾਂ ਦੀ ਦਾਦੀ ਹੀ ਸੇਵਾ-ਸੰਭਾਲ ਕਰਦੀ ਹੈ। ਹਾਲਾਂਕਿ ਇਹ ਥੋੜ੍ਹਾ-ਬਹੁਤਾ ਕੰਮ ਨੇਤਰਹੀਣ ਹੁੰਦਿਆਂ ਵੀ ਕਰ ਲੈਂਦੇ ਹਨ ਪਰ ਇਨ੍ਹਾਂ ਦੀ ਭਵਿੱਖ ਦੀ ਜ਼ਿੰਦਗੀ ਬਾਰੇ ਸੋਚ ਕੇ ਡਰ ਲੱਗਿਆ ਰਹਿੰਦਾ ਹੈ। ਪੜ੍ਹਾਈ ਕਿਸੇ ਨੂੰ ਨਹੀਂ ਕਰਵਾ ਸਕੇ। ਇਨ੍ਹਾਂ ਧੀਆਂ ਤੇ ਪੁੱਤ ਦੀ ਭਾਵੇਂ ਪੈਨਸ਼ਨ ਲੱਗੀ ਹੈ ਪਰ ਜ਼ਿੰਦਗੀ ਕਿਸ ਤਰ੍ਹਾਂ ਲੰਘਾਉਣਗੇ, ਇਹ ਸੁਆਲ ਮਨ ਵਿਚ ਵਾਰ-ਵਾਰ ਉੱਠਦਾ ਰਹਿੰਦਾ ਹੈ। ਲੜਕੇ ਦੀ ਨਿਗ੍ਹਾ ਬਣਾਉਣ ਲਈ ਚੰਡੀਗੜ੍ਹ ਵੀ ਗਏ ਪਰ ਉੱਥੇ ਕੁਝ ਨਹੀਂ ਬਣਿਆ।

ਭਵਿੱਖ ’ਚ ਬੱਚਿਆਂ ਦਾ ਕੀ ਬਣੂ, ਸੋਚ ਕੇ ਡਰ ਲੱਗਦੈ : ਦਾਦੀ

ਦਾਦੀ ਮੁਖਤਿਆਰ ਕੌਰ ਅੱਖਾਂ ’ਚੋਂ ਹੰਝੂ ਕੇਰਦੀ ਹੋਈ ਦੱਸਦੀ ਹੈ ਕਿ ਅਜੇ ਉਹ ਘਰ ਦਾ ਕੰਮ-ਕਾਰ ਕਰ ਲੈਂਦੀ ਹੈ ਪਰ ਭਵਿੱਖ ’ਚ ਇਨ੍ਹਾਂ ਦਾ ਕੀ ਬਣੂ, ਸੋਚ ਕੇ ਵੀ ਡਰ ਲੱਗਦਾ ਹੈ। ਪੁੱਤਰ ਗੁਰਮੇਲ ਵੀ ਹੁਣ ਬਜ਼ੁਰਗ ਹੋ ਗਿਆ ਹੈ। ਉਸ ਤੋਂ ਰੇਹੜੀ ਚਲਾਈ ਨਹੀਂ ਜਾਂਦੀ। ਘਰ ਦਾ ਗੁਜ਼ਾਰਾ ਚਲਾਉਣਾ ਅਤੇ ਰੋਜ਼ਾਨਾ ਖਾਣ-ਪੀਣ ਦਾ ਖ਼ਰਚਾ ਕੱਢਣਾ ਵੀ ਮੁਸ਼ਕਲ ਹੋਇਆ ਪਿਆ ਹੈ। ਇਨ੍ਹਾਂ ਬੱਚਿਆਂ ਦੀਆਂ ਅੱਖਾਂ ਬਣ ਜਾਣ ਤਾਂ ਜ਼ਿੰਦਗੀ ਬਣ ਸਕਦੀ ਹੈ। ਸਮਾਜਸੇਵੀ ਬੀਰਬਲ ਧਾਲੀਵਾਲ ਨੇ ਇਸ ਪਰਿਵਾਰ ਦੀ ਰਾਸ਼ਨ ਆਦਿ ਨਾਲ ਮਦਦ ਕੀਤੀ ਹੈ। ਵਾਰਡ ਨੰਬਰ-1 ਦੀ ਕੌਂਸਲਰ ਜਸਵੀਰ ਕੌਰ ਨੇ ਦੱਸਿਆ ਕਿ ਗ਼ਰੀਬ ਪਰਿਵਾਰ ਹੈ ਅਤੇ ਗੁਰਬਤ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਅਤੇ ਇਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।

ਸਰਕਾਰ ਤੇ ਪ੍ਰਸ਼ਾਸਨ ਲਈ ਪੀੜਤ ਪਰਿਵਾਰ ਦੀ ਸਾਰ : ਸਿੰਗਲਾ

ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦਾ ਕਹਿਣਾ ਹੈ ਕਿ ਅਜਿਹੇ ਪਰਿਵਾਰ ਦੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਾਰ ਲਈ ਜਾਣੀ ਚਾਹੀਦੀ ਹੈ। ਅੱਖਾਂ ਦੇ ਮਾਹਰ ਕੋਲੋਂ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਨੇਤਰਹੀਣਤਾ ਦਾ ਕਾਰਨ ਜਾਣਿਆ ਜਾਵੇ। ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਹਿੰਦੇ ਹਨ ਕਿ ਗੁਰਬਤ ਦੀ ਜ਼ਿੰਦਗੀ ਜੀਅ ਰਹੇ ਅਜਿਹੇ ਪਰਿਵਾਰ ਦੀ ਹਰਸੰਭਵ ਹੋਣੀ ਚਾਹੀਦੀ ਹੈ। ਸਮਾਜਸੇਵੀ ਜਥੇਬੰਦੀਆਂ ਜਿਹੜੇ ਮਨੁੱਖੀ ਅੰਗ ਦਾਨ ਕਰਵਾਉਂਦੀਆਂ ਹਨ, ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button