Punjab

ਗਾਇਕ ਮਨਕੀਰਤ ਔਲਖ ਨੂੰ ਧਮਕੀਆਂ ਦੇਣ ਦੇ ਮਾਮਲੇ ’ਚ ਮੁਲਜ਼ਮ ਨੂੰ ਜ਼ਮਾਨਤ

ਐੱਸਏਐੱਸ ਨਗਰ, 19 ਸਤੰਬਰ : ਸੈਸ਼ਨ ਜੱਜ ਐੱਸਏਐੱਸ ਨਗਰ ਦੀ ਅਦਾਲਤ ਨੇ 42 ਸਾਲਾ ਹਰਜਿੰਦਰ ਸਿੰਘ ਨੂੰ ਧਮਕੀ ਭਰੇ ਫ਼ੋਨ ਕਾਲਾਂ ਅਤੇ ਵ੍ਹਟਸਐੱਪ ਮੈਸੇਜ ਭੇਜਣ ਦੇ ਮਾਮਲੇ ਵਿਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਗਾਇਕ ਮਨਕੀਰਤ ਔਲਖ ਦੇ ਮੈਨੇਜਮੈਂਟ ਨੰਬਰ ’ਤੇ 20 ਅਤੇ 21 ਅਗਸਤ 2025 ਨੂੰ ਆਈਆਂ ਕਾਲਾਂ ਅਤੇ ਮੈਸੇਜਾਂ ਨਾਲ ਜੁੜਿਆ ਸੀ, ਜਿਨ੍ਹਾਂ ਵਿਚ ਉਸ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸ਼ੁਰੂਆਤੀ ਤੌਰ ’ਤੇ ਮਾਮਲਾ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿਚ ਪੁਲਿਸ ਨੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਹਰਜਿੰਦਰ ਸਿੰਘ ਦਾ ਨਾਂ ਐੱਫਆਈਆਰ ਵਿਚ ਸ਼ਾਮਲ ਕੀਤਾ ਅਤੇ ਉਸਨੂੰ 24 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਬਚਾਅ ਪੱਖ ਦੀਆਂ ਦਲੀਲਾਂ :

ਸ਼ਿਕਾਇਤਕਰਤਾ ਦੇ ਵਕੀਲ ਜਗਵਿੰਦਰ ਕੌਰ ਨੇ ਦਲੀਲ ਦਿੱਤੀ ਕਿ ਮੂਲ ਤੌਰ ’ਤੇ ਇਹ ਕੇਸ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਹੋਇਆ ਸੀ ਤੇ ਹਰਜਿੰਦਰ ਸਿੰਘ ਨੂੰ ਬੇਬੁਨਿਆਦ ਫਸਾਇਆ ਗਿਆ ਹੈ। ਉਸਦੇ ਖ਼ਿਲਾਫ਼ ਕੁਝ ਵੀ ਬਰਾਮਦ ਨਹੀਂ ਹੋਇਆ ਤੇ ਕੇਸ ਦਾ ਚਾਲਾਨ ਪੇਸ਼ ਹੋਣ ਅਤੇ ਮੁਕੱਦਮੇ ਦੇ ਨਤੀਜੇ ’ਚ ਸਮਾਂ ਲੱਗੇਗਾ।

ਸਰਕਾਰੀ ਪੱਖ ਦਾ ਵਿਰੋਧ :

ਸਰਕਾਰੀ ਵਕੀਲ ਨੇ ਕਿਹਾ ਕਿ ਮੁਲਜ਼ਮ ਨੇ ਗੰਭੀਰ ਜੁਰਮ ਕੀਤਾ ਹੈ ਅਤੇ ਜੇਕਰ ਉਸਨੂੰ ਜ਼ਮਾਨਤ ਮਿਲ ਗਈ ਤਾਂ ਉਹ ਗਵਾਹਾਂ ’ਤੇ ਅਸਰ ਪਾ ਸਕਦਾ ਹੈ ਜਾਂ ਸ਼ਿਕਾਇਤਕਰਤਾ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਅਦਾਲਤ ਦਾ ਫ਼ੈਸਲਾ :

ਅਦਾਲਤ ਨੇ ਕਿਹਾ ਕਿ ਮੁਲਜ਼ਮ 24 ਅਗਸਤ ਤੋਂ ਹਿਰਾਸਤ ਵਿਚ ਹੈ, ਉਸਦੇ ਖ਼ਿਲਾਫ਼ ਕੋਈ ਗੈਂਗਸਟਰ ਸਰਗਰਮੀ ਦਾ ਸਬੂਤ ਨਹੀਂ ਮਿਲਿਆ ਅਤੇ ਕੁਝ ਵੀ ਬਰਾਮਦ ਨਹੀਂ ਹੋਇਆ। ਇਸ ਲਈ ਹੋਰ ਹਿਰਾਸਤ ਵਿਚ ਰੱਖਣ ਦਾ ਕੋਈ ਲਾਭ ਨਹੀਂ। ਅਦਾਲਤ ਨੇ ਉਸਨੂੰ ਬੇਲ ਬੌਂਡਸ ’ਤੇ ਨਿਯਮਤ ਜ਼ਮਾਨਤ ਦੇ ਦਿੱਤੀ। ਮੁਲਜ਼ਮ ’ਤੇ ਸ਼ਰਤਾਂ ਲਗਾਈਆਂ ਹਨ ਕਿ ਉਹ ਹਰ ਪੇਸ਼ੀ ’ਤੇ ਹਾਜ਼ਰ ਹੋਵੇਗਾ, ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ ਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾਵੇਗਾ।

Related Articles

Leave a Reply

Your email address will not be published. Required fields are marked *

Back to top button